ਮਹਿਲ ਕਲਾਂ, 3 ਜਨਵਰੀ (ਅਵਤਾਰ ਸਿੰਘ ਅਣਖੀ)-ਐਨ.ਆਰ.ਆਈ. ਹਰਬੰਸ ਸਿੰਘ ਗਿੱਲ ਅਤੇ ਬੀਬੀ ਸੁਖਵਿੰਦਰ ਕੌਰ ਗਿੱਲ ਕੈਨੇਡਾ ਵਲੋਂ ਬਲਵੀਰ ਮੈਮੋਰੀਅਲ ਸਰਕਾਰੀ ਹਸਪਤਾਲ, ਚੰਨਣਵਾਲ ਨੂੰ 50, 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਮੈਡੀਕਲ ਅਫਸਰ ਡਾ: ਜਸਵਿੰਦਰ ਵਾਲੀਆ ਨੇ ਐਨ.ਆਰ.ਆਈ. ਪਰਿਵਾਰਾਂ ਵਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮੇਂ ਦੀ ਮੁੱਖ ਲੋੜ ਹੈ | ਐਨ.ਆਰ.ਆਈ. ਹਰਬੰਸ ਸਿੰਘ ਗਿੱਲ ਕੈਨੇਡੀਅਨ ਦੇ ਪਰਿਵਾਰ ਨੇ ਐਲਾਨ ਕੀਤਾ ਕਿ ਹਰ ਮਹੀਨੇ ਹਸਪਤਾਲ ਨੂੰ ਮਰੀਜ਼ਾਂ ਲਈ 50 ਹਜ਼ਾਰ ਰੁਪਏ ਦੀਆਂ ਦਵਾਈਆਂ ਦਿੱਤੀਆਂ ਜਾਣਗੀਆਂ | ਜਿਸ ਨਾਲ ਲੋੜਵੰਦ ਮਰੀਜ਼ਾਂ ਨੂੰ ਭਾਰੀ ਰਾਹਤ ਮਿਲੇਗੀ | ਅਖੀਰ 'ਚ ਹਸਪਤਾਲ ਦੇ ਪ੍ਰਬੰਧਕਾਂ ਅਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਐਨ.ਆਰ.ਆਈ. ਹਰਬੰਸ ਸਿੰਘ ਗਿੱਲ ਅਤੇ ਬੀਬੀ ਸੁਖਵਿੰਦਰ ਕੌਰ ਗਿੱਲ ਸਮੇਤ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾਕਟਰ ਐਮ. ਯਸੀਨ ਸੰਧੇ ਚੰਨਣਵਾਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ | ਗੁਰਜੰਟ ਸਿੰਘ ਧਾਲੀਵਾਲ ਨੇ ਕਿਹਾ ਕਿ ਐਨ.ਆਰ.ਆਈ. ਪਰਿਵਾਰਾਂ ਵਲੋਂ ਸਮਾਜ ਸੇਵਾ ਲਈ ਦਿੱਤੇ ਜਾ ਰਹੇ ਯੋਗਦਾਨ ਤੋਂ ਹੋਰ ਐਨ.ਆਰ.ਆਈਜ ਅਤੇ ਸਮਾਜ ਸੇਵੀ ਪਰਿਵਾਰਾਂ ਨੂੰ ਸੇਧ ਲੈ ਕੇ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ |