ਟੱਲੇਵਾਲ, 5 ਜਨਵਰੀ (ਸੋਨੀ ਚੀਮਾ)-ਟੱਲੇਵਾਲ ਥਾਣੇ ਦੇ ਮੁਖੀ ਨਿਰਮਲਜੀਤ ਸਿੰਘ ਦੀ ਬਦਲੀ ਹੋਣ ਉਪਰੰਤ ਇੰਸਪੈਕਟਰ ਕਿਰਨਜੀਤ ਕੌਰ ਨੇ ਥਾਣਾ ਟੱਲੇਵਾਲ ਦਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਥਾਣੇ ਅਧੀਨ ਪੈਂਦੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੂਰੀ ਚੌਕਸੀ ਵਰਤੀ ਜਾਵੇਗੀ | ਗੈਰ-ਸਮਾਜਿਕ ਅਨਸਰਾਂ ਤੇ ਪੂਰਾ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇੰਸਪੈਕਟਰ ਕਿਰਨਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਕਿਸੇ ਵੀ ਨਸ਼ਾ ਤਸਕਰ ਨੂੰ ਅਧੀਨ ਆਉਂਦੇ ਏਰੀਏ ਵਿਚ ਨਸ਼ੇ ਦੀ ਵਿੱਕਰੀ ਨਹੀਂ ਕਰਨ ਦਿੱਤੀ ਜਾਵੇਗੀ | ਉਨ੍ਹਾਂ ਵਲੋਂ ਨਸ਼ਾ ਤਸਕਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਉਹ ਜਾਂ ਤਾਂ ਨਸ਼ੇ ਦੀ ਤਸਕਰੀ ਦਾ ਕੰਮ ਛੱਡ ਦੇਣ ਜਾਂ ਫਿਰ ਇਲਾਕੇ ਨੂੰ ਛੱਡ ਕੇ ਚਲੇ ਜਾਣ | ਇਸ ਤਰ੍ਹਾਂ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਮੁਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਦੇ ਵਿਚ ਕਿਸੇ ਵੀ ਵਿਅਕਤੀ ਨੂੰ ਨਸ਼ੇ ਦੀ ਤਸਕਰੀ ਨਾ ਕਰਨ ਦੇਣ | ਜੇਕਰ ਫਿਰ ਵੀ ਕੋਈ ਵਿਅਕਤੀ ਨਸ਼ੇ ਦੀ ਤਸਕਰੀ ਜਾਂ ਨਸ਼ਾ ਖ਼ੁਦ ਕਰਨ ਦਾ ਆਦੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਲਾਕੇ ਦੇ ਮੋਹਤਬਰਾਂ, ਪੰਚਾਇਤੀ ਆਗੂਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੂੰ ਥਾਣੇ ਵਿਚ ਮਾਣ ਸਤਿਕਾਰ ਦਿੱਤਾ ਜਾਵੇਗਾ |