ਚੀਮਾ-ਜੋਧਪੁਰ ਸਕੂਲ ਵਿਖੇ ਜ਼ਿਲ੍ਹੇ ਦਾ ਪਹਿਲਾ ਡਿਜੀਟਲ ਨਵੀਨਤਾ ਮੇਲਾ-2026 ਕਰਵਾਇਆ
ਟੱਲੇਵਾਲ, 18 ਨਵੰਬਰ (ਸੋਨੀ ਚੀਮਾ)-ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਜ਼ਿਲ੍ਹਾ ਬਰਨਾਲਾ ਦਾ ਪਹਿਲੀ ਵਾਰ ਡਿਜੀਟਲ ਨਵੀਨਤਾ ਮੇਲਾ-2026 ਦਾ ਆਯੋਜਨ ਕੀਤਾ ਗਿਆ।
ਟੱਲੇਵਾਲ, 18 ਨਵੰਬਰ (ਸੋਨੀ ਚੀਮਾ)-ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ ਜ਼ਿਲ੍ਹਾ ਬਰਨਾਲਾ ਦਾ ਪਹਿਲੀ ਵਾਰ ਡਿਜੀਟਲ ਨਵੀਨਤਾ ਮੇਲਾ-2026 ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿਚ ਜ਼ਿਲ੍ਹੇ ਦੇ 26 ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਲਗਭਗ 110 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੇਲੇ ਦੌਰਾਨ ਵਿਦਿਆਰਥੀਆਂ ਨੇ ਰੋਬੋਟਿਕਸ, ਬਣਾਵਟੀ ਬੁੱਧੀਮਤਾ, ਕੰਪਿਊਟਰ ਪ੍ਰੋਗਰਾਮਿੰਗ, ਕਲਾਊਡ ਤਕਨਾਲੋਜੀ, ਵਸਤੂਆਂ ਦਾ ਇੰਟਰਨੈੱਟ, ਨਵੀਨਤਾ ਅਤੇ ਸਮੱਸਿਆਵਾਂ ਦੇ ਹੱਲ ਅਤੇ ਹਰਿਤ ਤਕਨਾਲੋਜੀ ਵਰਗੇ ਵਿਸ਼ਿਆਂ ਉੱਤੇ ਆਧਾਰਿਤ ਮਾਡਲ ਪੇਸ਼ ਕੀਤੇ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਮੋਹਿੰਦਰ ਪਾਲ ਤੇ ਡਾ: ਜਤਿੰਦਰ ਜੋਸ਼ੀ ਨੇ ਦੱਸਿਆ ਕਿ ਪੰਜਾਬ ਰਾਜ ਦੇ ਬਣਾਵਟੀ ਬੁੱਧੀਮਤਾ ਸਬੰਧੀ ਕੋਰਸ ਦੀ ਸ਼ੁਰੂਆਤ ਵੀ ਕੀਤੀ ਗਈ, ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਤਕਨੀਕੀ ਲੋੜਾਂ ਅਨੁਸਾਰ ਤਿਆਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਸਰਕਾਰੀ ਹਾਈ ਸਕੂਲ ਗਹਿਲ ਨੇ ਪਹਿਲਾ, ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ (ਲੜਕੇ) ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਨੀਤਇੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸ੍ਰੀ ਮੋਨਿਸ਼ ਮੋਹਨ ਸ਼ਰਮਾ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ), ਸ੍ਰੀ ਕਮਲ (ਜ਼ਿਲ੍ਹਾ ਕੋਆਰਡੀਨੇਟਰ), ਸ੍ਰੀ ਤਜਿੰਦਰ ਸ਼ਰਮਾ (ਬਲਾਕ ਕੋਆਰਡੀਨੇਟਰ), ਸ੍ਰੀ ਰਾਜੀਵ ਕੁਮਾਰ (ਸਹਾਇਕ ਜ਼ਿਲ੍ਹਾ ਸਮਾਰਟ ਸਕੂਲ ਮੈਨੇਜਰ), ਸ੍ਰੀ ਹਰਵਿੰਦਰ ਸਿੰਘ ਡਾ: ਜਤਿੰਦਰ ਜੋਸ਼ੀ, ਰਾਸ਼ੀ, ਅਮਨਦੀਪ ਕੌਰ, ਸ੍ਰੀ ਹਰਪ੍ਰੀਤ ਸਿੰਘ (ਵੋਕੇਸ਼ਨਲ ਟਰੇਨਰ, ਚੀਮਾ-ਜੋਧਪੁਰ) ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਤਕਨੀਕੀ ਮਾਹਿਰਾਂ ਨੇ ਆਪਣੀ ਹਾਜ਼ਰੀ ਲਗਵਾਈ।