ਮਹਿਲ ਕਲਾਂ, 25 ਜਨਵਰੀ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਠੁੱਲੀਵਾਲ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਅਹਿਮ ਕਾਰਵਾਈ ਕੀਤੀ ਗਈ ਹੈ | ਇਸ ਸਬੰਧੀ ਡੀ.ਐਸ.ਪੀ. ਮਹਿਲ ਕਲਾਂ ਜਸਪਾਲ ਸਿੰਘ ਧਾਲੀਵਾਲ, ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਥਾਣਾ ਠੁੱਲੀਵਾਲ ਪੁਲਿਸ ਵਲੋਂ ਗਸ਼ਤ ਦੌਰਾਨ ਪਿੰਡ ਕੁਰੜ ਤੋਂ ਪਿੰਡ ਮਿੱਠੇਵਾਲ ਨੂੰ ਜਾਂਦੇ ਕੱਚੇ ਰਸਤੇ ਉਪਰ ਚਾਰ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ ਨਾਂਅ ਅਰਸ਼ਦ ਖ਼ਾਨ ਉਰਫ਼ ਬਾਣੀਆ, ਮਨਪ੍ਰੀਤ ਸਿੰਘ ਉਰਫ਼ ਪੀਤਾ ਦੋਵੇਂ ਮਿੱਠੇਵਾਲ, ਸੁਖਪਾਲ ਸਿੰਘ ਸੁੱਖਾ ਵਾਸੀ ਦਸੌਂਧਾ ਸਿੰਘ ਵਾਲਾ ਅਤੇ ਲਖਵੀਰ ਸਿੰਘ ਲੱਕੀ ਵਾਸੀ ਫ਼ਤਿਹਗੜ੍ਹ ਪੰਜਗਰਾਈਆਂ ਦੱਸੇ | ਪੁਲਿਸ ਪਾਰਟੀ ਵਲੋਂ ਕੀਤੀ ਤਲਾਸ਼ੀ ਦੌਰਾਨ ਉਕਤ ਚਾਰਾਂ ਪਾਸੋਂ 12 ਗ੍ਰਾਮ ਹੈਰੋਇਨ ਚਿੱਟਾ ਬਰਾਮਦ ਹੋਇਆ | ਥਾਣਾ ਠੁੱਲੀਵਾਲ ਵਿਖੇ ਨਸ਼ੀਲੇ ਪਦਾਰਥਾਂ ਸਬੰਧੀ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਚਾਰੇ ਨੌਜਵਾਨਾਂ ਖ਼ਿਲਾਫ਼ ਅਗਲੀ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |