ਸ਼ਹਿਣਾ, 25 ਜਨਵਰੀ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਦੇ ਗੁਰਦੁਆਰਾ ਸਿੱਧਸਰ ਵਿਖੇ ਪੋਹ ਦੇ ਮਹੀਨੇ ਤੋਂ ਸ਼ੁਰੂ ਹੋਏ ਇਕੋਤਰੀ ਸਮਾਗਮ ਦੀ ਸਮਾਪਤੀ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਕੋਤਰੀ ਦੇ ਆਖ਼ਰੀ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਗਿਆਨੀ ਮੰਦਰ ਸਿੰਘ ਮੌੜ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ | ਵੱਖ-ਵੱਖ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਧਾਰਮਿਕ ਪ੍ਰਸੰਗ ਪੇਸ਼ ਕੀਤੇ | ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸ਼ਮੂਲੀਅਤ ਕਰਦਿਆਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰਦੁਆਰਾ ਸਿੱਧਸਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਮਾਤਾ ਗੁਜ਼ਰ ਕੌਰ ਤੇ ਚਾਰੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਇਕੋਤਰੀ ਸਮਾਗਮ ਸ਼ੁਰੂ ਕੀਤੇ ਗਏ ਸਨ ਅਤੇ 40 ਦੇ ਕਰੀਬ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਨ੍ਹਾਂ ਕਿਹਾ ਕਿ ਪੋਹ ਦਾ ਮਹੀਨਾ ਸ਼ਹਾਦਤਾਂ ਦੇ ਮਹੀਨਿਆਂ ਕਰ ਕੇ ਜਾਣਿਆਂ ਜਾਂਦਾ ਹੈ ਅਤੇ ਇਸ ਮਹੀਨੇ ਸ਼ੁਰੂ ਕੀਤੀ ਇਕੋਤਰੀ ਸਦਕਾ ਪਿੰਡ ਵਾਸੀਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਪਿੰਡ ਦੇ ਅਖੰਡ ਪਾਠ ਦੀ ਸੇਵਾ ਕਰਵਾਉਣ ਵਾਲੇ ਪਰਿਵਾਰਾਂ ਨੂੰ ਸਿਰੋਪਾਉ ਭੇਟ ਕੀਤੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਰਾਮ ਸਿੰਘ ਦਿਉਲ, ਡਾ: ਹਰਜੀਤ ਸਿੰਘ ਸੰਮਤੀ ਮੈਂਬਰ, ਸਰਪੰਚ ਮਲਕੀਤ ਸਿੰਘ ਮੌੜ ਨਾਭਾ, ਸਰਪੰਚ ਪਰਦੀਪ ਕੌਰ ਜਗਜੀਤਪੁਰਾ, ਸਰਪੰਚ ਗੁਰਜਿੰਦਰ ਸਿੰਘ ਪੱਖੋ ਕੈਂਚੀਆਂ, ਜਥੇਦਾਰ ਭਗਵਾਨ ਸਿੰਘ ਭਾਨਾ, ਡੋਗਰ ਸਿੰਘ ਉੱਗੋਕੇ, ਬਿੰਦਰ ਸਿੰਘ ਸਾਬਕਾ ਸੰਮਤੀ ਮੈਂਬਰ, ਸੁਖਵਿੰਦਰ ਸਿੰਘ ਧਾਲੀਵਾਲ, ਜਤਿੰਦਰ ਸਿੰਘ, ਕੌਰ ਸਿੰਘ ਥਾਣੇਦਾਰ, ਸੁਖਚੈਨ ਸਿੰਘ ਫ਼ੌਜੀ ਤੋਂ ਇਲਾਵਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਾ: ਭਜਨ ਸਿੰਘ ਅਤੇ ਲੰਗਰ ਕਮੇਟੀ ਦੇ ਨੁਮਾਇੰਦੇ ਵੀ ਹਾਜਰ ਸਨ |