ਤਪਾ ਮੰਡੀ, 28 ਜਨਵਰੀ (ਪ੍ਰਵੀਨ ਗਰਗ)-ਇਲਾਕੇ ਨੂੰ ਅਪਰਾਧ ਮੁਕਤ ਤੇ ਸੁਰੱਖਿਅਤ ਬਣਾਉਣ ਲਈ ਵੱਡੀ ਮੁਹਿੰਮ ਵਿੱਢ ਦਿੱਤੀ ਗਈ ਹੈ | ਜਿਸ ਦੇ ਚੱਲਦਿਆਂ ਹੁਣ ਪੁਲਿਸ ਦੀ ਸਮਾਜ ਵਿਰੋਧੀ ਅਨਸਰਾਂ 'ਤੇ ਬਾਜ਼ ਅੱਖ ਰਹੇਗੀ | ਕਿਉਂਕਿ ਜਲਦ ਹੀ ਪੂਰਾ ਸ਼ਹਿਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਪਹਿਰੇਦਾਰੀ ਹੇਠ ਕਵਰ ਹੋਵੇਗਾ | ਸ਼ਹਿਰ ਦੇ ਵੱਖ-ਵੱਖ ਚੌਕਾਂ ਤੇ ਮੁੱਖ ਮਾਰਗਾਂ 'ਤੇ ਹਾਈਟੈੱਕ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕਾ ਹੈ | ਪ੍ਰਸ਼ਾਸਨ ਵਲੋਂ ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਤੇ ਸੰਵੇਦਨਸ਼ੀਲ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ | ਇਹ ਕੈਮਰੇ ਨਾ ਸਿਰਫ਼ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਉਣਗੇ, ਸਗੋਂ ਟਰੈਫ਼ਿਕ ਵਿਵਸਥਾ ਨੂੰ ਸੁਧਾਰਨ 'ਚ ਵੀ ਮਦਦਗਾਰ ਸਾਬਤ ਹੋਣਗੇ | ਅਕਸਰ ਦੇਖਿਆ ਜਾਂਦਾ ਸੀ ਕਿ ਸ਼ਹਿਰ ਅੰਦਰ ਸ਼ਰਾਰਤੀ ਅਨਸਰਾਂ ਦਾ ਜਮਾਵੜਾ ਰਹਿੰਦਾ ਸੀ ਪਰ ਹੁਣ ਹਾਈ-ਕੁਆਲਿਟੀ ਕੈਮਰਿਆਂ ਦੀ ਮਦਦ ਨਾਲ ਅਜਿਹੇ ਅਨਸਰਾਂ 'ਤੇ ਪੁਲਿਸ ਦੀ ਸਿੱਧੀ ਨਜ਼ਰ ਰਹੇਗੀ | ਇਸ ਕੰਮ ਦੇ ਸ਼ੁਰੂ ਹੋਣ 'ਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੇ ਨੁਮਾਇੰਦਿਆਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਕੈਮਰੇ ਲੱਗਣ ਨਾਲ ਅÏਰਤਾਂ ਤੇ ਬੱਚਿਆਂ ਵਿਚ ਸੁਰੱਖਿਆ ਦੀ ਭਾਵਨਾ ਵਧੇਗੀ ਅਤੇ ਅਪਰਾਧੀਆਂ 'ਚ ਕਾਨੂੰਨ ਦਾ ਡਰ ਪੈਦਾ ਹੋਵੇਗਾ, ਲੋਕਾਂ ਨੇ ਇਸ ਪਹਿਲਕਦਮੀ ਲਈ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਧੰਨਵਾਦ ਕੀਤਾ ਹੈ | ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਕੈਮਰਿਆਂ ਦਾ ਕੰਟਰੋਲ ਥਾਣਾ ਤਪਾ ਵਿਖੇ ਹੋਵੇਗਾ, ਜਿੱਥੋਂ ਪੁਲਿਸ 24 ਘੰਟੇ ਨਿਗਰਾਨੀ ਕਰ ਸਕੇਗੀ |