ਬਰਨਾਲਾ, 28 ਜਨਵਰੀ (ਅਸ਼ੋਕ ਭਾਰਤੀ)-ਕੇਂਦਰੀ ਟਰੇਡ ਯੂਨੀਅਨਾਂ ਵਲੋਂ 12 ਫਰਵਰੀ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਬਾਬਾ ਅਰਜਨ ਸਿੰਘ ਭਦੌੜ ਦਫ਼ਤਰ ਬਰਨਾਲਾ ਵਿਖੇ ਸਾਂਝੀ ਮੀਟਿੰਗ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਬਰਨਾਲਾ ਜ਼ਿਲ੍ਹੇ ਅੰਦਰ 6 ਫਰਵਰੀ ਨੂੰ ਇਕ ਸਾਂਝੀ ਕਨਵੈੱਨਸ਼ਨ ਕੀਤੀ ਜਾਵੇਗੀ ਜਿਸ ਵਿਚ ਜ਼ਿਲੇ੍ਹ ਨਾਲ ਸਬੰਧਿਤ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਵੱਖ-ਵੱਖ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਭਾਗ ਲੈਣ ਦੀ ਅਪੀਲ ਵੀ ਕੀਤੀ ਗਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਦੇਸ਼ ਨੂੰ ਭਾਜਪਾ ਸਰਕਾਰ ਮੁੱਠੀ ਭਰ ਕਾਰਪੋਰੇਟ ਘਰਾਨਿਆਂ ਨੂੰ ਵੇਚਣ 'ਤੇ ਤੁਲੀ ਹੋਈ ਹੈ, ਦੇਸ਼ ਦੇ ਸਾਰੇ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਕਰ ਕੇ ਆਮ ਲੋਕਾਂ ਤੋਂ ਸਾਰੀਆਂ ਸਹੂਲਤਾਂ ਖੋਹ ਰਹੀ ਹੈ | ਬਿਜਲੀ ਸੋਧ ਬਿਲ 2025, ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ, ਤੇ ਚਾਰ ਲੇਬਰ ਕੋਡ ਵਰਗੇ ਨਵੇਂ ਕਾਨੂੰਨ ਲਿਆ ਕੇ ਵੱਡੇ ਪੂੰਜੀਪਤੀਆਂ ਨੂੰ ਖ਼ੁਸ਼ ਕੀਤਾ ਜਾ ਰਿਹਾ ਹੈ | ਜਿਸ ਨੂੰ ਦੇਸ਼ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ | ਆਗੂਆਂ ਨੇ ਦੱਸਿਆ ਕਿ 12 ਫਰਵਰੀ ਨੂੰ ਬਰਨਾਲਾ ਦੇ ਬਾਲਮੀਕ ਚੌਂਕ ਬਰਨਾਲਾ ਵਿਖੇ ਮਜ਼ਦੂਰ, ਕਿਸਾਨ, ਮੁਲਾਜ਼ਮ ਅਤੇ ਟਰੇਡ ਯੂਨੀਅਨਾਂ ਵਲੋਂ ਵੱਡੀ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿਚ ਪੈਦਲ ਮਾਰਚ ਕੀਤਾ ਜਾਵੇਗਾ | ਇਸ ਮੌਕੇ ਸਾਥੀ ਸੇਰ ਸਿੰਘ ਫਰਵਾਹੀ, ਗੁਰਪ੍ਰੀਤ ਸਿੰਘ ਰੂੜੇਕੇ, ਜਗਰਾਜ ਸਿੰਘ ਟੱਲੇਵਾਲ, ਜਗਰਾਜ ਰਾਮਾ, ਕਿਸਾਨ ਆਗੂ ਮਨਜੀਤ ਰਾਜ, ਲਾਭ ਸਿੰਘ ਅਕਲੀਆ, ਮਾਨ ਸਿੰਘ ਗੁਰਮ, ਨਛੱਤਰ ਸਿੰਘ ਰਾਮ ਨਗਰ, ਅਜਮੇਰ ਸਿੰਘ ਅਕਲੀਆ ਆਦਿ ਹਾਜ਼ਰ ਸਨ |