ਮਹਿਲ ਕਲਾਂ, 30 ਜਨਵਰੀ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ ਵਿਖੇ ਚੋਰ ਗਰੋਹ ਵਲੋਂ 10 ਖੇਤੀ ਮੋਟਰਾਂ ਤੋਂ ਸੈਂਕੜੇ ਫੁੱਟ ਕੇਬਲ ਤਾਰ ਚੋਰੀ ਕਰ ਕੇ ਲੈ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਹਮੀਦੀ ਕੱਚੇ ਰਸਤੇ ਦੇ ਵਿਚਕਾਰੋਂ ਲੰਘਦੀ ਡਰੇਨ ਦੀ ਪੱਟੜੀ ਦੇ ਨੇੜੇ ਕਿਸਾਨਾਂ ਦੇ ਖੇਤਾਂ 'ਚ ਲੱਗੀਆਂ ਖੇਤੀ ਮੋਟਰਾਂ ਦੀਆਂ ਕੇਬਲ ਤਾਰਾਂ ਵੱਢ ਕੇ ਚੋਰੀ ਕਰ ਕੇ ਫ਼ਰਾਰ ਹੋ ਗਏ | ਪੀੜਤ ਕਿਸਾਨਾਂ ਮੁਤਾਬਕ ਹਰਵਿੰਦਰ ਸਿੰਘ, ਤਰਸੇਮ ਸਿੰਘ, ਹਾਕਮ ਸਿੰਘ ਰਾਣੂ, ਮਾ: ਭਜਨ ਸਿੰਘ, ਜਰਨੈਲ ਸਿੰਘ, ਮਲਕੀਤ ਸਿੰਘ, ਹਰਨਾਮ ਸਿੰਘ, ਮੇਜਰ ਸਿੰਘ ਦੀਆਂ ਖੇਤੀ ਮੋਟਰਾਂ ਤੋਂ ਡੇਢ ਸੌ ਫੁੱਟ ਦੇ ਕਰੀਬ ਕੇਬਲ ਤਾਰਾਂ ਚੋਰੀ ਕੀਤੀਆਂ ਗਈਆਂ ਹਨ | ਕਿਸਾਨਾਂ ਨੇ ਦੱਸਿਆ ਕਿ ਲਗਾਤਾਰ ਚੋਰੀਆਂ ਕਾਰਨ ਕਿਸਾਨਾਂ 'ਚ ਰੋਹ ਵਧ ਰਿਹਾ ਹੈ | ਕਿਸਾਨ ਹੁਣ ਰਾਤ ਸਮੇਂ ਆਪਣੇ ਹੀ ਖੇਤਾਂ 'ਚ ਜਾਣ ਤੋਂ ਘਬਰਾਉਣ ਲੱਗੇ ਹਨ | ਚੋਰੀ ਸਬੰਧੀ ਥਾਣਾ ਠੁੱਲੀਵਾਲ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ | ਪੀੜਤ ਕਿਸਾਨਾਂ ਨੇ ਐਸ.ਐਸ.ਪੀ. ਬਰਨਾਲਾ ਪਾਸੋਂ ਮੰਗ ਕੀਤੀ ਕਿ ਚੋਰ ਗਰੋਹ ਨੂੰ ਕਾਬੂ ਕਰ ਕੇ ਕਿਸਾਨਾਂ ਨੂੰ ਇਨਸਾਫ਼ ਦਿੱਤਾ ਜਾਵੇ |