ਬਰਨਾਲਾ, 3 ਫਰਵਰੀ (ਅਸ਼ੋਕ ਭਾਰਤੀ)-ਮਜ਼ਦੂਰ ਜਥੇਬੰਦੀਆਂ ਵਲੋਂ ਵਣ ਵਿਭਾਗ ਦਫ਼ਤਰ ਬਰਨਾਲਾ ਅੱਗੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਖੁਸ਼ੀਆ ਸਿੰਘ, ਸਮਾਜ ਸੇਵੀ ਭਾਨ ਸਿੰਘ ਜੱਸੀ ਪੇਧਨੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਵਣ ਵਿਭਾਗ ਦੇ ਦਰੋਗਿਆ ਵਲੋਂ ਜੋ ਮਨਰੇਗਾ ਕੰਮ ਦੇ ਵਰਕ ਕੋਡ ਬਣਾਉਣੇ ਹੁੰਦੇ ਹਨ | ਉਹ ਵਰਕ ਕੋਡ ਤੇ ਹੀ ਮਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਣਾ ਚਾਹੀਦਾ ਹੈ, ਪਰ ਦਰੋਗਿਆ ਵਲੋਂ ਉਲਟਾ ਕੀਤਾ ਜਾਂਦਾ ਹੈ | ਕੁੱਝ ਹੀ ਮਜ਼ਦੂਰਾਂ ਨੂੰ ਵਾਰ-ਵਾਰ ਕੰਮ ਦਿੱਤਾ ਜਾਂਦਾ ਹੈ | ਵੱਡੀ ਪੱਧਰ 'ਤੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ | ਆਗੂਆਂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵਲੋਂ ਨਰੇਗਾ ਦੇ ਕੰਮਾਂ ਵਿਚ ਕੱਟ ਲਗਾਏ ਗਏ ਹਨ, ਉੱਥੇ ਹੀ ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਮਜ਼ਦੂਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ | ਜਦੋਂ ਬਹੁਤ ਸਾਰੇ ਪਿੰਡ ਦੇ ਵਰਕ ਕੋਡਾਂ ਵਿਚ ਪਏ ਹੋਣ ਦੇ ਬਾਵਜੂਦ ਕੰਮ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਵਣ ਵਿਭਾਗ ਦੇ ਅਧਿਕਾਰੀਆਂ 'ਤੇ ਇਹ ਵੀ ਦੋਸ਼ ਲਾਇਆ ਕਿ ਮਹਿਲਾ ਕਲਾਂ ਦੇ ਪਿੰਡਾਂ ਵਿਚ ਮਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਲਗਾਉਣ ਤੋਂ ਬਾਅਦ ਦਰਜਨਾਂ ਮਜ਼ਦੂਰਾਂ ਤੋਂ ਮੁਲਾਜ਼ਮਾਂ ਦੀ ਮਿਲੀ ਭੁਗਤ ਨਾਲ ਵਣ ਵਿਭਾਗ ਦੇ ਰਿਟਾਇਰਡ ਅਫ਼ਸਰਾਂ ਦੇ ਘਰ ਕੰਮ ਕਰਵਾਇਆ ਜਾਂਦਾ | ਜਿਸ ਦੀ ਜਾਂਚ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ | ਇਸ ਸਬੰਧੀ ਰੇਂਜ ਅਫ਼ਸਰ ਬਰਨਾਲਾ ਨੇ ਭਰੋਸਾ ਦਿਵਾਇਆ ਕਿ ਪੜਤਾਲ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜਗਰਾਜ ਰਾਮਾ, ਗੁਰਦੇਵ ਸਿੰਘ ਸ਼ਹਿਣਾ, ਰੂਪ ਸਿੰਘ, ਜੰਟਾ ਸਿੰਘ, ਰਾਣੀ ਕੌਰ ਪੰਚ ਆਦਿ ਆਗੂ ਹਾਜ਼ਰ ਸਨ |