ਧਨੌਲਾ, 5 ਫਰਵਰੀ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਮਾਨ ਪੱਤੀ ਧਨੌਲਾ ਦੇ ਰਹਿਣ ਵਾਲੇ ਕਾਰ ਸਵਾਰ ਜਮੀਲ ਸ਼ਾਹ ਪੁੱਤਰ ਨਜੀਰ ਸ਼ਾਹ ਨੇ ਸਾਹਮਣੇ ਤੋਂ ਆ ਰਹੀ ਸਵਿਫ਼ਟ ਗੱਡੀ ਵਿਚ ਟੱਕਰ ਮਾਰ ਕੇ ਚਾਰ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ | ਇਕੱਤਰ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ, ਲਾਲੀ ਸਿੰਘ ਪੁੱਤਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਵਾਸੀ ਕਾਲੇਕੇ ਆਪਣੀ ਸਵਿਫ਼ਟ ਗੱਡੀ ਨੰ: ਪੀ.ਬੀ. 19 ਐਚ 8799 ਵਿਚ ਸਵਾਰ ਹੋ ਕੇ ਬਿਆਸ ਘਰ ਵਾਲੇ ਪਾਸਿਓਾ ਧਨੌਲਾ ਵੱਲ ਜਾ ਰਹੇ ਸਨ | ਜਿਹੜੇ ਕਿ ਗਊਸ਼ਾਲਾ ਦੇ ਅੱਗੇ ਆਪਣੀ ਗੱਡੀ ਸਾਈਡ 'ਤੇ ਲਗਾ ਕੇ ਰੁਕੇ ਹੋਏ ਸਨ | ਦੂਸਰੇ ਪਾਸੇ ਧਨੌਲੇ ਤੋਂ ਸੰਗਰੂਰ ਵੱਲ ਜਾ ਰਹੇ ਜਮੀਲ ਸ਼ਾਹ ਪੁੱਤਰ ਨਜ਼ੀਰ ਸ਼ਾਹ ਵਾਸੀ ਮਾਨ ਪੱਤੀ ਧਨੌਲਾ ਤੋਂ ਉਸ ਦੀ ਟਾਟਾ ਪੰਚ ਨੰ: ਪੀ.ਬੀ. 19 ਡਲਲਿਊ 1724 ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਆਪਣੀ ਸਾਈਡ 'ਤੇ ਖੜੇ ਕਾਰ ਸਵਾਰਾਂ ਨੂੰ ਜ਼ੋਰਦਾਰ ਟੱਕਰ ਮਾਰੀ | ਜਿਸ ਨਾਲ ਚਾਰੇ ਕਾਰ ਸਵਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਤੋਂ ਮੁਢਲੀ ਸਹਾਇਤਾ ਦੇਣ ਉਪਰੰਤ ਬਰਨਾਲੇ ਵੱਖ-ਵੱਖ ਹਸਪਤਾਲਾਂ ਵਿਚ ਰੈਫ਼ਰ ਕਰ ਦਿੱਤਾ ਗਿਆ | ਟਾਟਾ ਪੰਚ ਸਵਾਰ ਦੇ ਵੀ ਮਾਮੂਲੀ ਸੱਟਾਂ ਵੱਜੀਆਂ | ਦੁਰਘਟਨਾ ਵਾਪਰਦੇ ਸਾਰ ਹੀ ਲੋਕਾਂ ਦਾ ਭਾਰੀ ਇਕੱਠ ਹੋ ਗਿਆ | ਮੌਕੇ 'ਤੇ ਪੁੱਜੇ ਫਰੂਟ ਵਿਕਰੇਤਾ ਨੇ ਦੱਸਿਆ ਕਿ ਟਾਟਾ ਪੰਚ ਸਵਾਰ ਪਹਿਲਾਂ ਉਸ ਦੀ ਬੱਸ ਸਟੈਂਡ ਸਥਿਤ ਫਰੂਟ ਦੀ ਦੁਕਾਨ ਦੇ ਅੱਗੇ ਪਏ ਸਮਾਨ ਵਿਚ ਵੀ ਜ਼ੋਰ ਦੀ ਟੱਕਰ ਮਾਰ ਆਇਆ ਜਿਸ ਨਾਲ ਬਾਹਰ ਲਾਇਆ ਫਰੂਟ ਬੇਕਾਰ ਹੋ ਗਿਆ | ਹਾਦਸੇ ਉਪਰੰਤ ਲੋਕਾਂ ਵਿਚ ਚਰਚਾ ਚੱਲ ਰਹੀ ਕਿ ਟਾਟਾ ਪੰਚ ਦੇ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ | ਜਿਸ ਕਰ ਕੇ ਉਸ ਨੂੰ ਕੋਈ ਹੋਸ਼ ਹਵਾਸ ਨਹੀਂ ਸੀ | ਜ਼ਖ਼ਮੀ ਜੇਰੇ ਇਲਾਜ ਹਨ ਅਤੇ ਪੁਲਿਸ ਵਲੋਂ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ |