ਤਪਾ ਮੰਡੀ, 5 ਫਰਵਰੀ (ਪ੍ਰਵੀਨ ਗਰਗ)-ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤਪਾ ਪੁਲਿਸ ਨੇ ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਬੁਲੇਟ ਮੋਟਰਸਾਈਕਲਾਂ 'ਤੇ ਲੱਗੇ ਖ਼ਾਸ ਤੌਰ 'ਤੇ ਪਟਾਕੇ ਮਾਰਨ ਵਾਲੇ ਸਲੰਸਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਨੇ ਸਲੰਸਰਾਂ ਨੂੰ ਮੌਕੇ 'ਤੇ ਲਹਾ ਕੇ ਤਬਾਹ ਕਰ ਕੇ ਲੋਕਾਂ ਨੂੰ ਸਖ਼ਤ ਸੁਨੇਹਾ ਦਿੱਤਾ ਕਿ ਕਾਨੂੰਨ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਥਾਣਾ ਮੁਖੀ ਸ਼ਰੀਫ ਖ਼ਾਨ ਨੇ ਦੱਸਿਆ ਕਿ ਸ਼ਹਿਰ ਵਿਚ ਬੁਲੇਟ ਮੋਟਰਸਾਈਕਲਾਂ 'ਤੇ ਲੱਗੇ ਸਲੰਸਰ ਜੋ ਚਲਾਉਂਦੇ ਸਮੇਂ ਧਮਾਕੇਦਾਰ ਆਵਾਜ਼ ਪੈਦਾ ਕਰਦੇ ਹਨ | ਇਹ ਸਲੰਸਰ ਨਾ ਸਿਰਫ਼ ਧੁਨੀ ਪ੍ਰਦੂਸ਼ਣ ਵਧਾਉਂਦੇ ਹਨ, ਬਲਕਿ ਸ਼ਹਿਰੀਆਂ ਦੀ ਸੁਰੱਖਿਆ ਲਈ ਵੀ ਖ਼ਤਰਾ ਬਣਦੇ ਹਨ | ਉਨ੍ਹਾਂ ਕਿਹਾ ਕਿ ਇਹ ਸਲੰਸਰ ਨਾ ਸਿਰਫ਼ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਹਨ, ਸਗੋਂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਹਨ | ਪੁਲਿਸ ਨੇ ਸ਼ਰੇ੍ਹਆਮ ਇਹ ਕਾਰਵਾਈ ਇਸ ਲਈ ਕੀਤੀ ਤਾਂ ਜੋ ਹੋਰ ਮੋਟਰਸਾਈਕਲ ਸਵਾਰ ਵੀ ਸਬਕ ਲੈਣ ਅਤੇ ਭਵਿੱਖ ਵਿਚ ਅਜਿਹੀਆਂ ਗੈਰ-ਕਾਨੂੰਨੀ ਤਰਕੀਬਾਂ ਤੋਂ ਬਚਣ | ਇਸ ਦੌਰਾਨ ਤਪਾ ਤਾਜੋ ਕੈਂਚੀਆਂ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਦੀ ਕਾਰਵਾਈ ਨੂੰ ਸਰਾਹਿਆ | ਲੋਕਾਂ ਦਾ ਕਹਿਣਾ ਸੀ ਕਿ ਬੁਲੇਟ ਦੇ ਪਟਾਕੇ ਵਾਲੇ ਸਲੰਸਰਾਂ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨੀ ਸੀ, ਜਿਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਲਈ ਵਾਧੂ ਮੁਸੀਬਤ ਪੈਦਾ ਹੁੰਦੀ ਸੀ | ਇਸ ਮੌਕੇ ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ, ਹੌਲਦਾਰ ਇਕਬਾਲ ਸਿੰਘ ਆਦਿ ਮੌਜੂਦ ਸਨ |