ਬਰਨਾਲਾ, 6 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਟੇਟ ਮਨਿਟਸਟਰੀਅਲ ਸਰਵਿਸਜ਼ ਯੂਨੀਅਨ ਪੰਜਾਬ ਵਲੋਂ ਜਾਰੀ ਸੰਘਰਸ਼ ਦੇ ਚਲਦਿਆਂ ਅੱਜ ਬਰਨਾਲਾ ਵਿਖੇ ਮਨਿਸਟਰੀਅਲ ਕਾਮਿਆਂ ਵਲੋਂ ਕਾਲੇ ਬਿੱਲੇ ਲਾ ਕੇ ਰੋਸ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ ਹੈ, ਮੁਲਾਜ਼ਮਾਂ ਦੀ ਇਕ ਵੀ ਮੰਗ ਪੂਰੀ ਨਹੀਂ ਕੀਤੀ ਗਈ | ਇੱਥੋਂ ਤੱਕ ਕਿ ਮੁਲਾਜ਼ਮਾਂ ਦਾ ਸੰਵਿਧਾਨਿਕ ਹੱਕ ਮਹਿੰਗਾਈ ਭੱਤਾ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ 16 ਫ਼ੀਸਦੀ ਡੀ.ਏ. ਰੋਕ ਕੇ ਮਨਮਰਜ਼ੀਆਂ ਨਾਲ ਵੋਟ ਬੈਂਕ 'ਤੇ ਖ਼ਰਚ ਰਿਹਾ ਹੈ | ਡੀ.ਸੀ. ਦਫ਼ਤਰ ਬਰਨਾਲਾ ਦੇ ਪ੍ਰਧਾਨ ਨਿਰਮਲਜੀਤ ਸਿੰਘ ਚਾਨੇ ਨੇ ਕਿਹਾ ਕਿ 35-35 ਸਾਲ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਤੋਂ ਵਿਰਵੇ ਰੱਖਿਆ ਜਾ ਰਿਹਾ ਹੈ ਅਤੇ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਜਾਰੀ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਨੂੰ ਅੱਜ ਲਾਗੂ ਕਰਨ ਤੋਂ ਸਰਕਾਰ ਮੁੱਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਉਕਤ ਸਾਰੀਆਂ ਮੰਗਾਂ ਦਾ ਹੱਲ ਚਾਹੁੰਦੀ ਹੈ | ਜੇਕਰ ਆਉਣ ਵਾਲੇ ਸਮੇਂ ਵਿਚ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਜਥੇਬੰਦੀ ਵੱਡੇ ਸੰਘਰਸ਼ ਉਲੀਕਣ ਵਿਚ ਮਜਬੂਰ ਹੋਵੇਗੀ | ਇਸ ਦੌਰਾਨ ਜ਼ਿਲ੍ਹਾ ਆਗੂਆਂ ਰਵਿੰਦਰ ਸ਼ਰਮਾ ਜਨਰਲ ਸਕੱਤਰ, ਤਰਸੇਮ ਕੁਮਾਰ, ਗੁਰਵਿੰਦਰ ਸਿੰਘ, ਅੰਸ਼ੂ ਗੁਪਤਾ, ਪਰਮਿੰਦਰ ਕੌਰ, ਵਿੱਕੀ ਡਾਬਲਾ ਨੇ ਸੰਬੋਧਨ ਕਰਦਿਆਂ ਸਰਕਾਰ 'ਤੇ ਵਾਅਦਾਿਖ਼ਲਾਫ਼ੀ ਦੇ ਦੋਸ਼ ਲਾਏ ਅਤੇ ਸਾਥੀਆਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਹੁਣ ਅਸੀਂ ਸਰਕਾਰ ਨਾਲੋਂ ਨਾਤਾ ਤੋੜ ਚੁੱਕੇ ਹਾਂ ਅਤੇ ਸਰਕਾਰ ਦੀਆਂ ਮੀਟਿੰਗਾਂ ਦਾ ਬਾਈਕਾਟ ਕਰ ਕੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਆਪਣੇ ਸੰਵਿਧਾਨਿਕ ਹੱਕ ਵੋਟ ਦਾ ਇਸਤੇਮਾਲ ਕਰ ਕੇ ਇਸ ਸਰਕਾਰ ਨੂੰ ਚੱਲਦੇ ਕਰਾਂਗੇ | ਇਸ ਮੌਕੇ ਅਮਨਦੀਪ ਸਿੰਘ, ਰਜਨੀਸ਼ ਕੁਮਾਰ (ਵਿੱਤ ਸਕੱਤਰ), ਪ੍ਰਦੀਪ ਕੁਮਾਰ, ਸੁਖਜੀਤ ਸਿੰਘ (ਪ੍ਰੈਸ ਸਕੱਤਰ), ਜਸਦੀਪ ਸਿੰਘ, ਪਰਮਿੰਦਰ ਕੌਰ, ਅਵਤਾਰ ਸਿੰਘ, ਨਰਪਿੰਦਰਪਾਲ ਸਿੰਘ, ਪੁਨੀਤ ਰਾਣੀ, ਜੁਨੇਂਦਰ ਜੋਸ਼ੀ, ਰਾਜੀਵ ਕੁਮਾਰ, ਕਿਰਨਹਰਜੋਤ ਕੌਰ, ਸੰਦੀਪ ਕੁਮਾਰ ਆਦਿ ਮਨਿਸਟਰੀਅਲ ਸਟਾਫ਼ ਹਾਜ਼ਰ ਸੀ |