ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਡਾ: ਦਰਸ਼ਨਪਾਲ ਦੀ ਅਗਵਾਈ ਵਿਚ ਗੁਰਦੁਆਰਾ ਬਾਬਾ ਕਾਲਾ ਮਾਹਿਰ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਜਿਊਦ ਪਿੰਡ ਦੇ ਗਿ੍ਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਧਰਨਾ ਲਾਉਣ ਤੋਂ ਪਹਿਲਾਂ ਬੀਕੇਯੂ ਉਗਰਾਹਾਂ ਦੇ ਆਗੂਆਂ ਨੂੰ ਗਿ੍ਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਆਗੂਆਂ ਨੇ 12 ਫਰਵਰੀ ਨੂੰ ਕੇਂਦਰ ਸਰਕਾਰ ਦੇ ਖ਼ਿਲਾਫ਼ ਮਜ਼ਦੂਰਾਂ ਤੇ ਮੁਲਾਜ਼ਮਾਂ ਵਲੋਂ ਦੇਸ਼ ਵਿਆਪੀ ਹੜਤਾਲ ਵਿਚ ਸੰਯੁਕਤ ਕਿਸਾਨ ਮੋਰਚਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਸ਼ਾਮਿਲ ਹੋਣ ਦਾ ਸੱਦਾ ਦਿੱਤਾ | ਪ੍ਰਧਾਨ ਡਾ: ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰ ਕੇ ਕਿਸਾਨਾਂ ਉੱਪਰ ਵੱਡਾ ਹਮਲਾ ਕੀਤਾ ਹੈ | ਇਸ ਦੇ ਨਾਲ ਹੀ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਲਿਆ ਕੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ | ਇਨ੍ਹਾਂ ਸਮਝੌਤਿਆਂ ਅਤੇ ਬਿੱਲਾਂ ਨੂੰ ਰੱਦ ਕਰਵਾਉਣ ਲਈ 22 ਫਰਵਰੀ ਨੂੰ ਬੀਜੇਪੀ ਅਤੇ 'ਆਪ' ਦੇ ਵੱਡੇ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ | ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਵਲੋਂ ਇਹ ਬਿੱਲ ਪੇਸ਼ ਕੀਤੇ ਗਏ ਤਾਂ ਉਸ ਤੋਂ ਅਗਲੇ ਦਿਨ ਨੂੰ ਕਾਲਾ ਦਿਨ ਮਨਾਉਂਦੇ ਹੋਏ ਸਾਰੇ ਟੋਲ ਪਲਾਜ਼ੇ ਖੋਲ੍ਹੇ ਜਾਣਗੇ | ਇਸ ਮੌਕੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ, ਖ਼ਜ਼ਾਨਚੀ ਰਣਜੀਤ ਸਿੰਘ ਚਰਨਾਰਥਲ, ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ, ਸੂਬਾ ਕਮੇਟੀ ਮੈਂਬਰ ਹਰਿੰਦਰ ਸਿੰਘ ਚਰਨਾਰਥਲ, ਰਾਜਗੁਰਵਿੰਦਰ ਸਿੰਘ ਘੁਮਾਣ, ਦਲਵਿੰਦਰ ਸਿੰਘ ਸ਼ੇਰਖਾਂ, ਹਰਨੇਕ ਸਿੰਘ ਭੱਲਮਾਜਰਾ, ਜਸਬੀਰ ਸਿੰਘ ਚਨਾਰਥਲ, ਸੁਖਦੇਵ ਸਿੰਘ ਹਰਿਆਊ, ਅਵਤਾਰ ਸਿੰਘ ਕੌਰਜੀਵਾਲਾ, ਸੂਬੇਦਾਰ ਨਰਾਤਾ ਸਿੰਘ, ਭਜਨ ਸਿੰਘ ਘੁੰਮਣ, ਰਣਜੀਤ ਸਿੰਘ ਗਰੇਵਾਲ ਕੁੱਪਖੁਰਦ, ਮਹਿਮਾ ਸਿੰਘ ਧਨੌਲਾ, ਮੋਹਨ ਸਿੰਘ ਰੂੜੇਕੇ, ਦਿਲਬਾਗ ਸਿੰਘ ਸੁਰਸਿੰਘ, ਗੁਰਚਰਨ ਸਿੰਘ ਮਲਸੀਆਂ, ਅਵਤਾਰ ਸਿੰਘ ਮੋਹਾਲੀ, ਜਸਵੀਰ ਸਿੰਘ, ਨਛੱਤਰ ਸਿੰਘ ਹਮੀਰਗੜ੍ਹ, ਮੋਹਨ ਲਾਲ ਭਗਤਾ, ਬਲਵਿੰਦਰ ਸਿੰਘ ਧੂੜਕੋਟ, ਸੁਖਦੇਵ ਸਿੰਘ ਬੱਬੀ ਬਰਾੜ, ਜਗਦੀਸ਼ ਸਿੰਘ ਚਹਿਲ, ਰਾਜ ਸਿੰਘ ਗੋਰਖਨਾਥ, ਬਲਦੇਵ ਸਿੰਘ ਅਤੇ ਕੁਲਵਿੰਦਰ ਸਿੰਘ ਬਪੀਆਣਾ ਆਦਿ ਹਾਜ਼ਰ ਸਨ |