ਬਰਨਾਲਾ, 6 ਫਰਵਰੀ (ਅਸ਼ੋਕ ਭਾਰਤੀ)-ਐਸ.ਬੀ.ਐਸ ਪਬਲਿਕ ਸਕੂਲ ਸੁਰਜੀਤਪੁਰਾ ਵਿਖੇ ਬੱਚਿਆਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਬਾਰੇ ਜਾਗਰੂਕ ਕੀਤਾ ਗਿਆ | ਜਿਸ ਵਿਚ ਪਲਾਸਟਿਕ ਵਰਤੋਂ ਨਾਲ ਹੋ ਰਹੇ ਵਾਤਾਵਰਨ ਪ੍ਰਦੂਸ਼ਣ ਦੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਕਮਲਜੀਤ ਕੌਰ, ਵਾਈਸ ਪਿ੍ੰਸੀਪਲ ਡਾ: ਸੰਜੇ ਕੁਮਾਰ, ਅਧਿਆਪਕ ਆਕਾਸ਼ਦੀਪ ਸ਼ਰਮਾ ਨੇ ਦੱਸਿਆ ਕਿ ਪਲਾਸਟਿਕ ਪਦਾਰਥ 100 ਸਾਲਾਂ ਤੱਕ ਨਹੀਂ ਖ਼ਤਮ ਹੁੰਦੇ ਅਤੇ ਜ਼ਮੀਨ, ਨਦੀਆਂ ਅਤੇ ਸਮੁੰਦਰ ਵਿਚ ਪੈ ਕੇ ਜੈਵਿਕ ਜੀਵਾਂ ਲਈ ਖ਼ਤਰਾ ਬਣ ਜਾਂਦੇ ਹਨ | ਜਿਵੇਂ ਕਿ ਪਲਾਸਟਿਕ ਬੋਤਲਾਂ, ਪੈਕਿੰਗ ਸਮਾਨ ਅਤੇ ਪਲਾਸਟਿਕ ਬੈਗ ਕੂੜੇ ਵਿਚ ਸੁੱਟੇ ਜਾਣ ਕਾਰਨ ਮਿੱਟੀ ਅਤੇ ਪਾਣੀ ਗੰਦਗੀ ਨਾਲ ਭਰ ਜਾਂਦੇ ਹਨ | ਇਸ ਨਾਲ ਨਾ ਸਿਰਫ਼ ਸਿਹਤ ਖ਼ਤਰੇ ਵਿਚ ਆਉਂਦੀ ਹੈ, ਸਗੋਂ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਹੈ | ਇਸ ਦੌਰਾਨ ਵਿਦਿਆਰਥੀਆਂ ਨੇ ਘਰੋਂ ਵੱਖ-ਵੱਖ ਪਲਾਸਟਿਕ ਸਮਾਨ ਲਿਆ ਕੇ ਰੀਸਾਇਕਲ ਅਤੇ ਨਾਨ-ਰੀਸਾਇਕਲ ਕੈਟੇਗਰੀ ਵਿਚ ਵਰਗੀਕਰਨ ਕੀਤਾ | ਉਨ੍ਹਾਂ ਨੇ ਪਲਾਸਟਿਕ ਬੋਤਲਾਂ ਅਤੇ ਡੱਬਿਆਂ ਨਾਲ ਸਜਾਵਟੀ ਮਾਡਲ ਤਿਆਰ ਕੀਤੇ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |