ਬਰਨਾਲਾ, 6 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਭਾਜਪਾ ਜ਼ਿਲ੍ਹਾ ਬਰਨਾਲਾ ਵਲੋਂ ਸਥਾਨਕ ਕਚਹਿਰੀ ਚੌਂਕ ਵਿਖੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਅਗਵਾਈ ਹੇਠ ਕਾਂਗਰਸੀ ਆਗੂ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਪਤਲਾ ਫੂਕਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਅਤੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਕਿਹਾ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਬੀਤੇ ਕੱਲ੍ਹ ਪਾਰਲੀਮੈਂਟ ਦੇ ਬਾਹਰ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕੀਤੀ ਗਈ ਟਿੱਪਣੀ ਉਨ੍ਹਾਂ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ ਕਿ ਕਿਵੇਂ ਕਾਂਗਰਸ ਪਾਰਟੀ ਸਿੱਖਾਂ ਨਾਲ ਨਫ਼ਰਤ ਕਰਦੀ ਹੈ, ਜੋ ਬਹੁਤ ਹੀ ਜ਼ਿਆਦਾ ਨਿੰਦਣਯੋਗ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਕੱਲ੍ਹ ਵੀ ਜੇਕਰ ਉੱਥੇ ਮੌਜੂਦ ਹੋਰ ਐਮ.ਪੀ. ਰਾਹੁਲ ਗਾਂਧੀ ਨੂੰ ਨਾ ਰੋਕਦੇ ਤਾਂ ਉਨ੍ਹਾਂ ਵਲੋਂ ਰਵਨੀਤ ਸਿੰਘ ਬਿੱਟੂ ਦੀ ਪੱਗ ਤੱਕ ਉਤਾਰ ਦਿੱਤੀ ਜਾਂਦੀ | ਭਾਜਪਾ ਆਗੂਆਂ ਨੇ ਰਾਹੁਲ ਗਾਂਧੀ ਦੀ ਇਸ ਟਿੱਪਣੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਰਵਨੀਤ ਸਿੰਘ ਬਿੱਟੂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਲੋਕ ਸਭਾ ਸਪੀਕਰ ਤੋਂ ਮੰਗ ਕੀਤੀ ਕਿ ਰਾਹੁਲ ਗਾਂਧੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਬਰਾੜ, ਧਰਮ ਸਿੰਘ ਫ਼ੌਜੀ, ਰਾਜੂ ਚੌਧਰੀ, ਕੁਲਦੀਪ ਮਿੱਤਲ, ਜੱਗਾ ਸਿੰਘ ਮਾਨ, ਨਰਿੰਦਰ ਗਰਗ ਨੀਟਾ, ਸੰਦੀਪ ਜੇਠੀ, ਬਲਜਿੰਦਰ ਸਿੰਘ ਟੀਟੂ, ਐਡਵੋਕੇਟ ਵਿਸ਼ਾਲ ਸ਼ਰਮਾ, ਗੁਰਸ਼ਰਨ ਸਿੰਘ ਠੀਕਰੀਵਾਲਾ, ਬਲਦੀਪ ਸਿੰਘ ਮਹਿਲ ਖ਼ੁਰਦ, ਹਰਬਖਸ਼ੀਸ਼ ਸਿੰਘ ਗੋਨੀ, ਜਸਵੀਰ ਸਿੰਘ ਗੱਖੀ, ਸ਼ਿਵ ਚੰਦ ਸਿੰਗਲਾ, ਸ਼ਮਸ਼ੇਰ ਭੰਡਾਰੀ ਆਦਿ ਵੀ ਮੌਜੂਦ ਸਨ |