ਭਦੌੜ, 20 ਫਰਵਰੀ (ਰਜਿੰਦਰ ਬੱਤਾ, ਵਿਨੋਦ ਕਲਸੀ)-ਨੇੜਲੇ ਪਿੰਡ ਅਲਕੜਾ ਵਿਖੇ ਕੇਂਦਰ ਸਰਕਾਰ ਵਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਪੰਚਾਇਤੀ ਜ਼ਮੀਨ ਵਿਚ ਲੱਗਣ ਜਾ ਰਹੇ ਬਾਇਓ ਗੈਸ ਪਲਾਂਟ ਦਾ ਪਿੰਡ ਵਾਸੀਆਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ ਜਿਸ ਤਹਿਤ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਕਰ ਕੇ ਪੰਚਾਇਤ ਦੇ ਮਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ | ਕਿਸਾਨ ਆਗੂ ਜਗਜੀਤ ਸਿੰਘ ਅਤੇ ਕਮਲਜੀਤ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਚਾਇਤ ਵਲੋਂ ਪੰਚਾਇਤੀ ਜ਼ਮੀਨ 'ਚ ਬਾਇਓ ਗੈਸ ਪਲਾਂਟ ਲਗਾਉਣ ਲਈ ਮਤਾ ਪਾ ਕੇ ਹਾਮੀ ਭਰੀ ਗਈ ਹੈ ਜੋ ਕਿ ਪਿੰਡ ਅਲਕੜਾ ਸਮੇਤ ਤਲਵੰਡੀ ਅਤੇ ਖੜਕ ਸਿੰਘ ਵਾਲਾ ਦੇ ਲੋਕਾਂ ਲਈ ਵੀ ਹਾਨੀਕਾਰਕ ਹੈ | ਜੇ ਇਹ ਪ੍ਰੋਜੈਕਟ ਚਾਲੂ ਹੋ ਗਿਆ ਤਾਂ ਸਾਰੇ ਪਿੰਡਾਂ ਦਾ ਪਾਣੀ ਦੂਸ਼ਿਤ ਹੋ ਜਾਵੇਗਾ | ਪਿੰਡ ਵਾਸੀਆਂ ਨੇ ਹੱਥ ਖੜੇ ਕਰ ਕੇ ਇਸ ਪੋ੍ਰਜੈਕਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਸਰਪੰਚ ਬੇਅੰਤ ਕੌਰ ਦੇ ਸਹੁਰੇ ਕਾਂਗਰਸੀ ਆਗੂ ਜੁਗਰਾਜ ਸਿੰਘ ਨੇ ਕਿਹਾ ਕਿ ਪੰਚਾਇਤ ਦੀ 11 ਏਕੜ ਜ਼ਮੀਨ ਵਿਚ ਪਰਾਲੀ ਤੋਂ ਸੀ.ਐਨ.ਜੀ ਗੈਸ ਤਿਆਰ ਕਰਨ ਲਈ ਫ਼ੈਕਟਰੀ ਲੱਗਣੀ ਹੈ | ਪੰਚਾਇਤ ਤੋਂ ਬਰਨਾਲਾ ਦੇ ਡੀ.ਸੀ. ਸਾਹਿਬ ਨੇ ਖ਼ੁਦ ਕਹਿ ਕੇ ਮਤਾ ਪਵਾਇਆ ਹੈ ਤੇ ਉਨ੍ਹਾਂ ਨੂੰ ਮੌਕੇ ਦੀ ਸਰਕਾਰ ਕਰ ਕੇ ਝੁਕਣਾ ਵੀ ਪੈਂਦਾ ਹੈ, ਅਸੀਂ ਠੋਕਰਾਂ ਖਾ-ਖਾ ਕੇ ਸਾਲ ਲੰਘਾਇਆ ਹੈ | ਜੇ ਪਿੰਡ ਵਾਸੀਆਂ ਨੂੰ ਇਹ ਫ਼ੈਕਟਰੀ ਗ਼ਲਤ ਲੱਗਦੀ ਹੈ ਤਾਂ ਉਹ ਪਿੰਡ ਨਾਲ ਖੜ੍ਹੇ ਹਨ | ਸੋਮਵਾਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲ ਕੇ ਸਾਰੀ ਸਥਿਤੀ ਬਾਰੇ ਜਾਣੂ ਕਰਵਾ ਦੇਣਗੇ | ਉਨ੍ਹਾਂ ਪਿੰਡ ਦੇ ਆਪ ਆਗੂਆਂ ਨੂੰ ਕਿਹਾ ਕਿ ਉਹ ਵਿਧਾਇਕ ਨੂੰ ਮਿਲ ਕੇ ਸਾਰੀ ਗੱਲ ਦੱਸਣ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਜ਼ਮੀਨ ਸਰਕਾਰ ਨੂੰ 30 ਸਾਲ ਲਈ 90 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ 'ਤੇ ਦਿੱਤੀ ਗਈ ਹੈ ਜਿਸ ਵਿਚ ਸਾਲ ਬਾਅਦ 5 ਪ੍ਰਤੀਸ਼ਤ ਦਾ ਵਾਧਾ ਹੋਵੇਗਾ |