ਤਪਾ ਮੰਡੀ, 20 ਫਰਵਰੀ (ਪ੍ਰਵੀਨ ਗਰਗ)-ਅੱਜ ਦਿਨ ਚੜ੍ਹਦੇ ਹੀ ਤਪਾ ਪੁਲਿਸ ਨੇ ਹਾਈਟੈੱਕ ਨਾਕੇ 'ਤੇ ਵਿਸ਼ੇਸ਼ ਨਾਕਾਬੰਦੀ ਕਰ ਕੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ | ਪੁਲਿਸ ਮੁਲਾਜ਼ਮਾਂ ਵਲੋਂ ਇਹ ਜਾਂਚ ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤੀ ਗਈ ਅਤੇ ਅਧੂਰੇ ਦਸਤਾਵੇਜ਼ ਰੱਖਣ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ | ਇਸ ਨਾਕਾਬੰਦੀ ਦੌਰਾਨ ਡੀ.ਐਸ.ਪੀ. ਗੁਰਪ੍ਰੀਤ ਸਿੰਘ ਸਿੱਧੂ ਨੇ ਖ਼ੁਦ ਵਾਹਨਾਂ ਦੇ ਸ਼ੀਸ਼ਿਆਂ 'ਤੇ ਲੱਗੀਆਂ ਕਾਲੀਆਂ ਫ਼ਿਲਮਾਂ ਲੁਹਾਈਆਂ | ਇਸ ਮੌਕੇ ਪੱਤਰਕਾਰਾਂ ਦੇ ਰੂ-ਬਰੂ ਹੰੁਦਿਆਂ ਡੀ.ਐਸ.ਪੀ ਤਪਾ ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਅਤੇ ਐਸ.ਪੀ (ਡੀ) ਅਸ਼ੋਕ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਇਹ ਵਿਸ਼ੇਸ਼ ਨਾਕਾਬੰਦੀ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮਕਸਦ ਸਦਕਾ ਕੀਤੀ ਗਈ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ 'ਚ ਪੁਲਿਸ ਦਾ ਡਰ ਬਣਿਆ ਰਹੇ | ਇਸ ਦੌਰਾਨ ਪੁਲਿਸ ਵਲੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਅਧੂਰੇ ਦਸਤਾਵੇਜ਼ ਰੱਖਣ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ | ਉਨ੍ਹਾਂ ਆਖਿਆ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਨਾਕਾਬੰਦੀ ਦੌਰਾਨ ਪੁਲਿਸ ਵਲੋਂ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਦੇ ਨਾਲ-ਨਾਲ ਦੋ ਪਹੀਆਂ ਵਾਹਨ ਚਾਲਕਾਂ ਨੂੰ ਹੈਲਮਟ ਪਾਉਣ ਸਬੰਧੀ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਹਾਇਕ ਥਾਣੇਦਾਰ ਹਰਵਿੰਦਰ ਪਾਲ ਸਿੰਘ, ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਸਹਾਇਕ ਥਾਣੇਦਾਰ ਮੈਡਮ ਨੀਦਰਪਾਲ ਕੌਰ, ਹੌਲਦਾਰ ਇਕਬਾਲ ਸਿੰਘ ਆਦਿ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਮੌਜੂਦ ਸਨ |