ਮਹਿਲ ਕਲਾਂ, 22 ਫਰਵਰੀ (ਅਵਤਾਰ ਸਿੰਘ ਅਣਖੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੰਨਣਵਾਲ ਵਿਖੇ ਪ੍ਰੇਮ ਅੱਖਾਂ ਦਾ ਹਸਪਤਾਲ ਅਤੇ ਬੀ.ਐਮ.ਸੀ. ਹਸਪਤਾਲ ਵਲੋਂ ਗ੍ਰਾਮ ਪੰਚਾਇਤ, ਸਤਿਕਾਰ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਅਤੇ ਮੈਡੀਸਨ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ | ਇਸ ਮੌਕੇ ਸੀ.ਐੱਚ.ਸੀ. ਮਹਿਲ ਕਲਾਂ ਦੇ ਐਸ.ਐਮ.ਓ. ਗੁਰਤੇਜਿੰਦਰ ਕੌਰ, ਮੈਡੀਕਲ ਅਫਸਰ ਡਾ: ਜਸਪਿੰਦਰ ਸਿੰਘ ਵਾਲੀਆ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਿੰਡ-ਪਿੰਡ ਸਫਲ ਬਣਾਉਣ ਲਈ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਕੈਂਪ ਦੌਰਾਨ ਦਿਮਾਗ਼ ਦੇ ਮਾਹਿਰ ਡਾ: ਮਨੀਸ਼ ਸ਼ਰਮਾ, ਡਾ: ਪਰਵੀਨ ਸ਼ਰਮਾ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰ ਕੇ ਜ਼ਰੂਰੀ ਟੈੱਸਟ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਡਾਕਟਰ ਰੁਪੇਸ਼ ਦੀ ਅਗਵਾਈ ਹੇਠ ਸਹਿਯੋਗੀ ਟੀਮ ਨੇ ਅੱਖਾਂ ਦੀ ਜਾਂਚ ਕਰ ਕੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਮੁਫ਼ਤ ਦਿੱਤੀਆਂ ਗਈਆਂ | ਅਖੀਰ ਵਿਚ ਪ੍ਰਬੰਧਕਾਂ ਵਲੋਂ ਡਾਕਟਰੀ ਟੀਮ, ਐਨ.ਆਰ.ਆਈ. ਵੀਰਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |