ਸ਼ਹਿਣਾ, 22 ਫਰਵਰੀ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਵਿਖੇ ਹਰਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਯਾਦ ਨੂੰ ਸਮਰਪਿਤ ਕ੍ਰਿਕਟ ਕੱਪ ਕਰਵਾਇਆ ਗਿਆ ਜਿਸ ਦਾ ਉਦਘਾਟਨ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ ਨੇ ਕੀਤਾ | ਉਨ੍ਹਾਂ ਕਿਹਾ ਕਿ ਕਬੱਡੀ ਤੋਂ ਬਾਅਦ ਪੰਜਾਬ ਵਿਚ ਕ੍ਰਿਕਟ ਖੇਡ ਵੀ ਪਿੰਡਾਂ ਵਿਚ ਪ੍ਰਫੱੁਲਿਤ ਹੋਈ ਹੈ, ਜੋ ਕਿ ਪਹਿਲਾਂ ਸ਼ਹਿਰੀ ਲੋਕਾਂ ਦੀ ਖੇਡ ਹੁੰਦੀ ਸੀ | ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਨੌਜਵਾਨ ਆਗੂਆਂ ਨੂੰ ਪਿੰਡ ਪੱਧਰ ਦਾ ਇੰਨਾਂ ਵੱਡਾ ਕੱਪ ਕਰਵਾਉਣ ਤੇ ਸ਼ਲਾਘਾ ਕੀਤੀ | ਇਨਾਮਾਂ ਦੀ ਵੰਡ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕੀਤੀ | ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ੳੱੁਭਰਦੇ ਕ੍ਰਿਕਟ ਖਿਡਾਰੀ ਹਰਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਯਾਦ ਨੂੰ ਨੌਜਵਾਨ ਆਗੂਆਂ ਨੇ ਕ੍ਰਿਕਟ ਕੱਪ ਦੇ ਰੂਪ ਵਿਚ ਮਨਾਉਣ ਦਾ ਜੋ ਯਤਨ ਆਰੰਭਿਆ ਹੋਇਆ ਹੈ ਇਸ ਨਾਲ ਨਵੇਂ ਖਿਡਾਰੀਆਂ ਵਿਚ ਵੀ ਖੇਡ ਦੀ ਭਾਵਨਾ ਪੈਦਾ ਹੁੰਦੀ ਹੈ | ਇਸ ਟੂਰਨਾਮੈਂਟ ਵਿਚ ਵੱਡੀ ਗਿਣਤੀ ਵਿਚ ਟੀਮਾਂ ਨੇ ਭਾਗ ਲਿਆ | ਜਿਨ੍ਹਾਂ ਵਿਚੋਂ ਪਹਿਲੇ ਸਥਾਨ 'ਤੇ ਉਚਾਨਾ (ਹਰਿਆਣਾ) ਦੀ ਟੀਮ ਰਹੀ ਅਤੇ 81 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ, ਦੂਜੇ ਸਥਾਨ 'ਤੇ ਕੁਹਾੜਾ ਦੀ ਟੀਮ ਨੇ 51 ਹਜ਼ਾਰ ਦੀ ਨਗਦੀ ਅਤੇ ਕੱਪ ਜਿੱਤਿਆ, ਮੈਨ ਆਫ਼ ਦੀ ਸੀਰੀਜ਼ ਸੁਭਾਨ ਢੱਢੇਵਾੜਾ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ | ਬੈਸਟ ਬੱਲੇਬਾਜ਼ ਗੋਪੀ ਮੰਡ ਤੇ ਬੈਸਟ ਗੇਂਦਬਾਜ਼ ਗੁਰਪ੍ਰੀਤ ਕੋਟੜਾ ਕੌੜਿਆਂ ਵਾਲੇ ਰਹੇ, ਨੂੰ ਫਰਿੱਜਾਂ ਦਿੱਤੀਆਂ ਗਈਆਂ | ਇਸ ਟੂਰਨਾਮੈਂਟ ਵਿਚ ਪਰਮਿੰਦਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਥਾਣਾ ਮੁਖੀ ਰੈਨੂੰ ਪਰੋਚਾ, ਬਲਜਿੰਦਰ ਸਿੰਘ ਮੰਗਾ ਸਰਪੰਚ, ਗੁਰਲਾਲ ਸਿੰਘ ਸਾਬਕਾ ਸਰਪੰਚ, ਬੇਅੰਤ ਸਿੰਘ ਸੇਵਾ ਮੁਕਤ ਥਾਣੇਦਾਰ, ਮਨਜੀਤਪਾਲ ਸਿੰਘ ਬਿਊਟੀ, ਜਸਵੀਰ ਸਿੰਘ ਸੀਰਾ ਪ੍ਰਧਾਨ, ਗੁਰਬਚਨ ਸਿੰਘ, ਰਾਮ ਸਿੰਘ ਦਿਉਲ ਸਰਪੰਚ ਉਗੋਕੇ, ਲਵਦੀਪ ਸਿੰਘ ਭਗਤਪੁਰਾ ਆਦਿ ਨੇ ਵੀ ਹਾਜ਼ਰੀ ਲਗਵਾਈ |