ਬਰਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਅਮਨ-ਕਾਨੂੰਨ ਦੀ ਬਹਾਲੀ ਲਈ ਪੰਜਾਬ ਦੇ ਲੋਕ 2027 ਵਿਚ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਸਟੇਟ ਨਿਊਜਰਸੀ (ਯੂ.ਐਸ.ਏ.) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸ: ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਇਹ ਸਾਫ਼ ਇਸ਼ਾਰਾ ਕਰ ਰਹੇ ਹਨ ਕਿ ਸੂਬੇ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਕਾਹਲੇ ਹਨ ਕਿਉਂਕਿ ਸ: ਸੁਖਬੀਰ ਸਿੰਘ ਬਾਦਲ ਵਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸੂਬਾ ਵਾਸੀ ਵਿਰੋਧੀ ਪਾਰਟੀਆਂ ਵਲੋਂ ਸ਼ੋ੍ਰਮਣੀ ਅਕਾਲੀ ਦਲ ਪ੍ਰਤੀ ਫੈਲਾਏ ਜਾ ਰਹੇ ਕੂੜ ਪ੍ਰਚਾਰ ਨੂੰ ਭਲੀਭਾਂਤ ਸਮਝ ਚੁੱਕੇ ਹਨ ਉੱਥੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੂੰ ਵੀ ਦੇਖ ਚੁੱਕੇ ਹਨ ਕਿ ਕਿਵੇਂ ਇਨ੍ਹਾਂ ਪਾਰਟੀਆਂ ਨੇ ਸੂਬੇ ਦੇ ਹਰ ਵਰਗ ਨੂੰ ਨਜ਼ਰਅੰਦਾਜ਼ ਤੇ ਤੰਗ ਪ੍ਰੇਸ਼ਾਨ ਕੀਤਾ ਹੈ | ਇਸ ਲਈ ਹੁਣ ਉਹ ਸ਼ੋ੍ਰਮਣੀ ਅਕਾਲੀ ਦਲ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ | ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ ਅਤੇ ਪੰਜਾਬ ਵਿਚ ਮੁੜ ਲੋਕਾਂ ਦੀ ਆਪਣੀ ਸਰਕਾਰ ਸਥਾਪਿਤ ਹੋਵੇਗੀ |