ਤਪਾ ਮੰਡੀ, 23 ਫਰਵਰੀ (ਪ੍ਰਵੀਨ ਗਰਗ)-ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਭਾਵੇਂ ਦਿਨ-ਰਾਤ ਇਕ ਕੀਤਾ ਹੋਇਆ ਹੈ ਪ੍ਰੰਤੂ ਦੂਜੇ ਪਾਸੇ ਜ਼ਮੀਨੀ ਪੱਧਰ 'ਤੇ ਇਸ ਦੀ ਤਸਵੀਰ ਕੁੱਝ ਹੋਰ ਹੀ ਹੈ | ਜਿਸ ਦੀ ਤਾਜ਼ਾ ਮਿਸਾਲ ਢਿਲਵਾਂ ਡਰੇਨ ਨਜ਼ਦੀਕ ਸਥਿਤ ਖੇਤਾਂ 'ਚ ਦੇਖਣ ਨੂੰ ਮਿਲੀ. ਜਿੱਥੇ ਇਕ ਨੌਜਵਾਨ ਨਸ਼ੇ ਦੀ ਓਵਰਡੋਜ ਨਾਲ ਮਿ੍ਤਕ ਪਾਇਆ ਗਿਆ, ਦੀ ਪਹਿਚਾਣ ਰਾਜੂ ਸਿੰਘ (30) ਜਮਾਲਾ ਪੱਤੀ ਰੱਲਾ ਵਜੋਂ ਹੋਈ ਹੈ | ਮੌਕੇ 'ਤੇ ਪਹੁੰਚੇ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਢਿਲਵਾਂ ਡਰੇਨ ਨਜ਼ਦੀਕ ਸਥਿਤ ਖੇਤਾਂ 'ਚ ਇਕ ਬੱਕਰੀਆਂ ਵਾਲਾ ਆਪਣੀਆਂ ਬੱਕਰੀਆਂ ਚਰਾਅ ਰਿਹਾ ਸੀ ਤਾਂ ਉਸ ਦੀ ਨਜ਼ਰ ਉਕਤ ਨੌਜਵਾਨ 'ਤੇ ਪਈ, ਜੋ ਖੇਤ ਵਿਚ ਡਿੱਗਿਆ ਪਿਆ ਸੀ ਦੇ ਨਜ਼ਦੀਕ ਇਕ ਸਰਿੰਜ ਪਈ ਸੀ ਤਾਂ ਉਸ ਨੇ ਤੁਰੰਤ ਇਸ ਦੀ ਸੂਚਨਾ ਖੇਤਾਂ 'ਚ ਕੰਮ ਕਰਦੇ ਕਿਸਾਨਾਂ ਨੂੰ ਦਿੱਤੀ, ਜਿੰਨ੍ਹਾ ਤੁਰੰਤ ਉਨ੍ਹਾਂ ਨੂੰ ਫ਼ੋਨ ਕਰ ਕੇ ਸੂਚਿਤ ਕੀਤਾ | ਪਤਾ ਲੱਗਾ ਹੈ ਕਿ ਮਿ੍ਤਕ ਨੌਜਵਾਨ ਤਿੰਨ ਧੀਆਂ ਅਤੇ ਇਕ ਪੁੱਤਰ ਦਾ ਪਿਉ ਹੈ, ਜੋ ਆਪਣੀ ਇੱਕ ਧੀ ਸਮੇਤ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਜਾ ਰਿਹਾ ਸੀ | ਪੁਲਿਸ ਨੇ ਤੁਰੰਤ ਨੌਜਵਾਨ ਦੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੂਚਨਾ ਦਿੱਤੀ ਜੋ ਸੂਚਨਾ ਮਿਲਣ ਤੇ ਮੌਕੇ 'ਤੇ ਪੁੱਜੇ ਅਤੇ ਮਿੰਨੀ ਸਹਾਰਾ ਦੀ ਕਲੱਬ ਐਂਬੂਲੈਂਸ ਜਰੀਏ ਮਿ੍ਤਕ ਨੂੰ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ | ਘਟਨਾ ਦਾ ਪਤਾ ਲੱਗਦੇ ਹੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਸਨ |