ਮਹਿਲ ਕਲਾਂ, 25 ਫ਼ਰਵਰੀ (ਅਵਤਾਰ ਸਿੰਘ ਅਣਖੀ)-ਸਟੇਟ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਏ ਜਾ ਰਹੇ ਵਾਤਾਵਰਨ ਸਿੱਖਿਆ ਪ੍ਰੋਗਰਾਮ 2025 ਤਹਿਤ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ (ਬਰਨਾਲਾ) ਵਿਖੇ ਪਾਲੀਥੀਨ ਦੀ ਰੋਕਥਾਮ ਅਤੇ ਕੱਪੜੇ ਦੇ ਬੈਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇਕ ਰੋਜ਼ਾ ਵਰਕਸ਼ਾਪ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਟੇਲਰ ਮਾਸਟਰ ਟਰੇਨਰ ਭੁਪਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਕੱਪੜੇ ਦੇ ਬੈਗ ਬਣਾਉਣ ਦੀ ਵਿਹਾਰਕ ਸਿਖਲਾਈ ਦਿੱਤੀ ਗਈ | ਇਸ ਮੌਕੇ ਈ.ਈ.ਪੀ. ਇੰਚਾਰਜ ਏਕਮਪ੍ਰੀਤ ਸਿੰਘ (ਸਾਇੰਸ ਮਾਸਟਰ) ਨੇ ਵਿਦਿਆਰਥੀਆਂ ਨੂੰ ਪਾਲੀਥੀਨ ਦੇ ਵਾਤਾਵਰਨ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਸਕੂਲ ਮੁਖੀ ਸ੍ਰੀਮਤੀ ਸਿਮਨਜੀਤ ਕੌਰ ਨੇ ਬੱਚਿਆਂ ਨੂੰ ਰੋਜ਼ਾਨਾ ਜੀਵਨ ਵਿਚ ਕੱਪੜੇ ਦੇ ਬੈਗਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਵਾਤਾਵਰਨ ਦੀ ਸਾਂਭ-ਸੰਭਾਲ ਲਈ ਹਰ ਸੰਭਵ ਕਦਮ ਚੁੱਕਣ ਦੀ ਅਪੀਲ ਕੀਤੀ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਸ੍ਰੀਮਤੀ ਸੋਨੀਆ ਗਰਗ, ਸ੍ਰੀਮਤੀ ਸਤਵੀਰ ਕੌਰ, ਸ੍ਰੀਮਤੀ ਹਰਦੀਪ ਕੌਰ, ਸ੍ਰੀਮਤੀ ਜਸਪ੍ਰੀਤ ਕੌਰ, ਸ੍ਰੀਮਤੀ ਰਕਸ਼ਾ ਰਾਣੀ, ਸ੍ਰੀ ਨਿਰਮਲ ਸਿੰਘ ਅਤੇ ਸ੍ਰੀ ਗੁਰਦੀਪ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |