ਐਸ. ਐਸ. ਪੀ. ਸਮੇਤ ਹੋਰ ਅਧਿਕਾਰੀਆਂ 'ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ
ਬਰਨਾਲਾ, 26 ਫਰਵਰੀ (ਅਸ਼ੋਕ ਭਾਰਤੀ)-ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕੱਠ 'ਤੇ 18 ਫਰਵਰੀ ਨੂੰ ਪੁਲਿਸ ਵਲੋਂ ਕੀਤੇ ਅੰਨ੍ਹੇ ਜਬਰ ਖ਼ਿਲਾਫ਼ ਚਾਰ ਦਰਜਨ ਜਥੇਬੰਦੀਆਂ ਵਲੋਂ 6 ਮਾਰਚ ਨੂੰ ਡੀ.ਸੀ ਦਫ਼ਤਰ ਬਠਿੰਡਾ ਅੱਗੇ ਇਕੱਠੇ ਹੋ ਕੇ ਸ਼ਹਿਰ 'ਚ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ | ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਅਧਿਆਪਕਾਂ, ਬਿਜਲੀ ਕਾਮਿਆਂ, ਤਰਕਸ਼ੀਲਾਂ, ਠੇਕਾ ਮੁਲਾਜ਼ਮਾਂ, ਵਿਦਿਆਰਥੀਆਂ, ਸਾਹਿਤ ਸੱਭਿਆਚਾਰ ਕਾਮਿਆਂ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪੰਨੂ, ਬੀ.ਕੇ.ਯੂ ਕ੍ਰਾਂਤੀਕਾਰੀ ਦੇ ਆਗੂ ਬਲਦੇਵ ਸਿੰਘ ਜੀਰਾ, ਬੀ.ਕੇ.ਯੂ ਡਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਕੁੱਲ ਹਿੰਦ ਕਿਸਾਨ ਸਭਾ ਦੇ ਬਲਕਰਨ ਸਿੰਘ ਬਰਾੜ, ਆਲ ਇੰਡੀਆ ਕਿਸਾਨ ਸਭਾ ਦੇ ਕਿਰਨਜੀਤ ਸਿੰਘ ਸੇਖੋਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ: ਦਰਸ਼ਨਪਾਲ ਨੇ ਕਿਹਾ ਕਿ ਜਿਉਂਦ 'ਚ ਜਬਰ ਢਾਹੁਣ ਦੇ ਦੋਸ਼ੀ ਬਠਿੰਡਾ ਦੀ ਐਸ.ਐਸ.ਪੀ ਜਯੋਤੀ ਯਾਦਵ ਤੋਂ ਇਲਾਵਾ ਜ਼ਿੰਮੇਵਾਰ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ, ਮਨੋਜ਼ ਕੁਮਾਰ, ਨਰਿੰਦਰ, ਅਮਰੀਕ ਸਿੰਘ, ਰਾਹੁਲ ਭਾਰਦਵਾਜ ਸਮੇਤ ਸਭਨਾਂ ਦੋਸ਼ੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਅਗਵਾ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ | ਆਗੂਆਂ ਨੇ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਕਰਾਰ ਦਿੰਦਿਆਂ ਜਨਤਕ ਮੁਆਫ਼ੀ ਮੰਗਣ ਦੀ ਮੰਗ ਵੀ ਕੀਤੀ ਅਤੇ ਐਸ.ਐਸ.ਪੀ ਜਤੋਯੀ ਯਾਦਵ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ | ਬੁਲਾਰਿਆਂ ਨੇ ਇੱਕ ਜੁੱਟ ਹੋ ਕੇ ਪੁਲਿਸ ਵਲੋਂ ਪਿੰਡ ਜਿਉਂਦ ਦੀ ਸੱਥ 'ਚ ਸ਼ਾਂਤਮਈ ਇਕੱਠ ਨੂੰ ਪੁਲਿਸ ਵਲੋਂ ਘੇਰ ਕੇ ਅੱਥਰੂ ਗੈਸ ਦੇ ਗੋਲਿਆਂ, ਇੱਟਾਂ ਰੋੜਿਆਂ ਤੇ ਡਾਂਗਾਂ ਨਾਲ ਹਮਲਾ ਕਰ ਕੇ ਇਕ ਕਿਸਾਨ ਚਰਨਜੀਤ ਸਿੰਘ ਨੂੰ ਅਗਵਾ ਕਰ ਕੇ ਕਤਲ ਕਰਨ ਤੇ ਅਪਾਹਜ ਕਰਨ ਦੇ ਇਰਾਦੇ ਨਾਲ ਸਿਰ ਭੰਨਣ ਤੇ ਲੱਤ ਚਕਨਾਚੂਰ ਕਰਨ ਤੋਂ ਇਲਾਵਾ ਇਕ ਨੌਜਵਾਨ 'ਤੇ ਹਮਲਾ ਕਰ ਕੇ ਹੱਥ ਦੋਫਾੜ ਕਰਨ ਵਾਲੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਤਾਨਾਸ਼ਾਹੀ ਕਦਮ ਕਰਾਰ ਦਿੱਤਾ | ਆਗੂਆਂ ਨੇ ਇਸ ਹਮਲੇ ਨੂੰ ਸਮੁੱਚੀ ਕਿਸਾਨ ਤੇ ਲੋਕ ਲਹਿਰ 'ਤੇ ਹਮਲਾ ਕਰਾਰ ਦਿੰਦਿਆਂ ਇਸ ਦਾ ਸਾਂਝੇ ਸੰਘਰਸ਼ ਦੇ ਜ਼ੋਰ ਮੂੰਹ ਤੋੜ ਜਵਾਬ ਦੇਣ ਦਾ ਐਲਾਨ ਕੀਤਾ | ਉਨ੍ਹਾਂ ਆਖਿਆ ਕਿ ਇਸ ਹਮਲੇ ਦਾ ਨਿਸ਼ਾਨਾ ਪਿੰਡ ਜਿਉਂਦ ਵਿਖੇ ਮੁਜ਼ਾਹਰੇ ਕਿਸਾਨਾਂ ਨੂੰ ਸੈਂਕੜੇ ਏਕੜ ਜ਼ਮੀਨ ਤੋਂ ਉਜਾੜ ਕੇ ਪੰਜਾਬ ਦੇ ਕਿਸਾਨਾਂ ਤੋਂ ਜਬਰੀ ਜ਼ਮੀਨਾਂ ਖੋਹਣ ਤੋਂ ਇਲਾਵਾ ਸਾਮਰਾਜੀ ਮੁਲਕਾਂ ਅਤੇ ਕਾਰਪੋਰੇਟ ਘਰਾਨਿਆਂ ਦੀ ਅੰਨ੍ਹੀ ਲੁੱਟ ਲਈ ਰਾਹ ਪੱਧਰਾ ਕਰਨਾ ਹੈ ਜਿਸ ਨੂੰ ਬਰਦਾਸ਼ਤ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਪੰਜਾਬ 'ਚ ਆਏ ਦਿਨ ਨੰਗੇ ਚਿੱਟੇ ਰੂਪ 'ਚ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਅਤੇ ਨੌਜਵਾਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰਨ ਤੋਂ ਇਲਾਵਾ ਲੋਕਾਂ ਦੇ ਘਰਾਂ 'ਤੇ ਬਲਡੋਜਰ ਚਲਾਉਣ ਰਾਹੀਂ ਪੰਜਾਬ ਨੂੰ ਪੁਲਿਸ ਰਾਜ਼ ਵਿਚ ਬਦਲਿਆ ਜਾ ਰਿਹਾ ਹੈ | ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੇ ਜਸਵਿੰਦਰ ਸਿੰਘ, ਪੀ. ਐਸ. ਯੂ. ਲਲਕਾਰ ਦੀ ਆਗੂ ਪਰਮਿੰਦਰ ਕੌਰ,
ਪਾਵਰਕਾਮ ਐਂਡ ਟਰਾਂਸਕੋ ਯੂਨੀਅਨ ਦੇ ਆਗੂ ਬਲਿਹਾਰ ਸਿੰਘ ਕਟਾਰੀਆ, ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਬਲਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਝਬੇਲਵਾਲੀ, ਦੁਆਬਾ ਕਿਸਾਨ ਦੇ ਆਗੂ ਮਨਜੀਤ ਸਿੰਘ ਰਾਏ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਦਰਸ਼ਨ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਰੇਸ਼ਮ ਸਿੰਘ ਖੇਮੂਆਣਾ, ਕਿਰਤੀ ਯੂਨੀਅਨ ਪੰਜਾਬ ਦੇ ਹਰਦੇਵ ਸਿੰਘ ਸੰਧੂ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਹਥੋਆ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਹਰਭਜਨ ਸਿੰਘ ਬੁੱਟਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਰਾਜਿੰਦਰ ਸਿੰਘ ਭਦੌੜ, ਬੀ.ਕੇ.ਯੂ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਆਗੂ ਦਰਸ਼ਨ ਸਿੰਘ ਉੱਗੋਕੇ, ਪੈਪਸੀਕੋ ਵਰਕਰ ਯੂਨੀਅਨ ਚੰਨੋ ਦੇ ਵਿਕਰਮਜੀਤ ਸਿੰਘ, ਬੀ.ਕੇ.ਯੂ ਬਹਿਰਾਮ ਕੇ ਦੇ ਆਗੂ ਬਲਵੰਤ ਸਿੰਘ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਪਲਸ ਮੰਚ ਦੇ ਆਗੂ ਹਰਵਿੰਦਰ ਦੀਵਾਨਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਗੁਰਮੀਤ ਸਿੰਘ ਸੁਖਪੁਰਾ, ਸੀਟੂ ਦੇ ਆਗੂ ਸ਼ੇਰ ਸਿੰਘ ਫਰਵਾਹੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਗੋਬਿੰਦ ਸਿੰਘ ਛਾਜਲੀ, ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਆਗੂ ਅਮਰਿੰਦਰ ਸਿੰਘ ਹੈਪੀ, ਜੀ.ਐਚ.ਟੀ.ਪੀ ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਦੇ ਲਛਮਣ ਸਿੰਘ, ਪੰਜਾਬ ਰੋਡਵੇਜ਼ ਪਨਬਸ ਤੇ ਪੀ.ਆਰ.ਟੀ.ਸੀ ਕੰਡਕਟਰ ਯੂਨੀਅਨ ਦੇ ਆਗੂ ਜਲੌਰ ਸਿੰਘ, ਫ਼ਰਦ ਕੇਂਦਰ ਯੂਨੀਅਨ ਦੇ ਆਗੂ ਸਤਨਾਮ ਸਿੰਘ, ਵੇਰਕਾ ਮਿਲਕ ਐਂਡ ਕੈਟਲ ਫੀਡ ਪਲਾਂਟ ਆਊਟਸੋਰਸ ਯੂਨੀਅਨ ਦੇ ਆਗੂ ਸੰਦੀਪ ਸੰਜੂ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੋਹਣ ਸਿੰਘ, ਬੀ.ਕੇ.ਯੂ ਭਟੇਰੀ ਦੇ ਗੁਰਧਿਆਨ ਸਿੰਘ, ਦਲਿਤ ਤੇ ਮੁਕਤੀ ਮੋਰਚਾ ਪੰਜਾਬ ਦੇ ਬਹਾਲ ਸਿੰਘ ਬੇਨੜਾ, ਐਸ.ਕੇ.ਐਮ ਹਰਿਆਣਾ ਦੇ ਆਗੂ ਭਗਵਾਨ ਪਾਲ ਸਿੰਘ ਤੇ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੇ ਆਗੂ ਬਲਜੀਤ ਸਿੰਘ ਸੰਧੂ, ਮੀਟਰ ਰੀਡਰ ਯੂਨੀਅਨ ਬਿਜਲੀ ਬੋਰਡ ਦੇ ਆਗੂ ਜਤਿੰਦਰ ਸਿੰਘ ਭੰਗੂ, ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਜੋਰਾ ਸਿੰਘ ਨਸਰਾਲੀ ਤੇ ਰੂਪ ਸਿੰਘ ਛੰਨਾ ਆਦਿ ਹਾਜ਼ਰ ਸਨ |
ਪੁਲਿਸ ਦੇ ਜਬਰ ਖ਼ਿਲਾਫ਼ ਜਥੇਬੰਦੀਆਂ ਵਲੋਂ ਬਠਿੰਡਾ 'ਚ 6 ਨੂੰ ਸਾਂਝੇ ਮੁਜ਼ਾਹਰੇ ਦਾ ਐਲਾਨ
ਅਜੀਤ ਡੈਸਕ
27-02-2026