ਟੱਲੇਵਾਲ, 26 ਫਰਵਰੀ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਇਕ ਵਿਅਕਤੀ ਦੇ ਘਰ ਦਾ ਕਬਜ਼ਾ ਵਾਰੰਟ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਕਿਯੂ ਕਾਦੀਆਂ ਜਥੇਬੰਦੀਆਂ ਨੇ ਧਰਨਾ ਲਾਇਆ | ਇਸ ਸਮੇਂ ਦਰਸ਼ਨ ਸਿੰਘ ਚੀਮਾ ਅਤੇ ਹਰੀ ਸਿੰਘ ਭਗਤਪੁਰਾ ਨੇ ਕਿਹਾ ਕਿ ਘਰ ਦੇ ਵਿਚ ਇਸ ਸਮੇਂ ਵੱਸ ਰਹੇ ਪਰਿਵਾਰ ਦੇ ਮੁਖੀ ਹਰਪਾਲ ਸਿੰਘ ਨੇ 2007 ਵਿਚ ਇਹ ਮਕਾਨ ਖ਼ਰੀਦਿਆ ਸੀ | ਜਿਸ ਵਿਅਕਤੀ ਨੇ ਉਕਤ ਮਕਾਨ ਵੇਚਿਆ, ਉਹ ਵਿਅਕਤੀ ਵੀ ਹਾਲੇ ਤੱਕ ਜੀਵਤ ਹੈ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਰਹਿ ਰਹੇ ਪਰਿਵਾਰ ਨੂੰ ਬਿਨਾਂ ਵਜ੍ਹਾ ਅਦਾਲਤ ਤੋਂ ਕਬਜ਼ਾ ਵਾਰੰਟ ਲਿਆ ਕੇ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਨਾਜਾਇਜ਼ ਕਬਜਾਕਾਰੀ ਦਰਸਾਇਆ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪ੍ਰਸ਼ਾਸਨ ਦੀ ਸਹਿ 'ਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਗ਼ਰੀਬ ਕਿਸਾਨ ਦੇ ਹੱਕ ਵਿਚ ਜਥੇਬੰਦੀ ਡਟ ਕੇ ਖੜੇਗੀ | ਜਥੇਬੰਦੀ ਦੇ ਵਿਰੋਧ ਸਦਕਾ ਕੋਈ ਵੀ ਅਧਿਕਾਰੀ ਕਬਜ਼ਾ ਵਾਰੰਟ ਲੈਣ ਨਹੀਂ ਪਹੰੁਚਿਆ | ਕਿਸਾਨ ਆਗੂਆਂ ਨੇ ਇਹ ਵੀ ਦੱਸਿਆ ਕਿ ਫਰਵਰੀ ਮਹੀਨੇ ਵਿਚ ਤਿੰਨ ਵਾਰ ਕਬਜ਼ਾ ਵਾਰੰਟ ਜਾਰੀ ਕੀਤਾ ਗਿਆ ਹੈ | ਇਸ ਮੌਕੇ ਨਿਰਮਲ ਸਿੰਘ, ਗੁਰਦੀਪ ਸਿੰਘ ਦੀਪਾ, ਭੋਲਾ ਸਿੰਘ, ਮੋਹਣੀ ਧਾਲੀਵਾਲ, ਬਿੰਦਰ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਗੁਰਮੀਤ ਸਿੰਘ, ਸਰਪੰਚ ਗੁਰਚਰਨ ਸਿੰਘ, ਮਲਕੀਤ ਸਿੰਘ, ਚਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਅਤੇ ਦੋਵੇਂ ਜਥੇਬੰਦੀਆਂ ਨਾਲ ਸਬੰਧਿਤ ਆਗੂ ਤੇ ਵਰਕਰ ਹਾਜ਼ਰ ਸਨ |