ਤਪਾ ਮੰਡੀ, 5 ਮਾਰਚ (ਪ੍ਰਵੀਨ ਗਰਗ)ਕਲਯੁਗ ਦੇ ਦੌਰ ਵਿਚ ਅੱਜ ਵੀ ਇਮਾਨਦਾਰ ਲੋਕਾਂ ਦੀ ਕੋਈ ਵੀ ਕਮੀ ਨਹੀਂ ਹੈ | ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਬਾਲਮੀਕੀ ਚੌਂਕ 'ਚ ਇਕ ਫਲ ਵਿਕਰੇਤਾ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਹੋਰ ਸਮਾਨ ਸਬੰਧਿਤ ਮਾਲਕ ਨੂੰ ਵਾਪਸ ਕੀਤੇ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਪੁੱਜੇ ਕੌਂਸਲਰ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਪਿੰਡ ਢਿਲਵਾਂ ਦੀ ਵਸਨੀਕ ਚਰਨਜੀਤ ਕੌਰ ਆਪਣੀ ਰਿਸ਼ਤੇਦਾਰੀ ਵਿਚ ਜਾਣ ਲਈ ਤਪਾ ਮੰਡੀ ਦੇ ਫਲ ਵਿਕਰੇਤਾ ਰਮੇਸ਼ ਕੁਮਾਰ ਬਾਬੂ ਫਰੂਟ ਵਾਲੇ ਦੀ ਦੁਕਾਨ ਤੋਂ ਫਲ ਦੀ ਖਰੀਦ ਕੀਤੀ ਅਤੇ ਜਾਣ ਵਕਤ ਆਪਣਾ ਕੀਮਤੀ ਸਮਾਨ ਜਿਸ ਵਿਚ ਸੋਨੇ ਦੇ ਗਹਿਣੇ, ਇਕ ਮਹਿੰਗਾ ਮੋਬਾਈਲ ਅਤੇ ਕੁੱਝ ਰੁਪਏ ਸਨ ਭੁੱਲ ਗਈ | ਜਦ ਉਹ ਆਪਣੇ ਪਿੰਡ ਪੁੱਜੀ ਤਾਂ ਬਾਅਦ ਉਸ ਨੂੰ ਆਪਣੇ ਗੁੰਮ ਹੋਏ ਸਮਾਨ ਦਾ ਖ਼ਿਆਲ ਆਇਆ ਅਤੇ ਉਹ ਵਾਪਸ ਫਲਾਂ ਦੀ ਰੇਹੜੀ 'ਤੇ ਪੁੱਜੀ ਅਤੇ ਆਪਣਾ ਸਮਾਨ ਭੁੱਲਣ ਬਾਰੇ ਦੱਸਿਆ | ਰੇਹੜੀ ਮਾਲਕ ਨੇ ਆਪਣਾ ਆਂਢ ਗੁਆਂਢ ਬੁਲਾ ਕੇ ਮੰਡੀ ਦੇ ਮੁਹਤਬਰ ਬੰਦਿਆਂ ਦੀ ਹਾਜ਼ਰੀ ਵਿਚ ਗੁੰਮ ਹੋਏ ਸਮਾਨ ਬਾਰੇ ਪੁੱਛਿਆ, ਜਿਸ ਦੇ ਸਬੰਧਿਤ ਮਾਲਕ ਵੱਲੋਂ ਸਮਾਨ ਦੇ ਦੱਸਣ ਮੁਤਾਬਿਕ ਮਿਲਾਨ ਕੀਤਾ ਗਿਆ ਉਪਰੰਤ ਉਸ ਦਾ ਕੀਮਤੀ ਸਮਾਨ ਪਤਵੰਤਿਆਂ ਦੀ ਹਾਜ਼ਰੀ 'ਚ ਵਾਪਸ ਕਰ ਦਿੱਤਾ, ਜਿਸ ਦੇ ਪਰਿਵਾਰ ਨੇ ਫਲ ਵਿਕਰੇਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਚਰਨਜੀਤ ਕੌਰ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਪਵਨਦੀਪ ਸਿੰਘ ਜਿਉਂਦ ਵੀ ਨਾਲ ਸੀ | ਮੌਕੇ 'ਤੇ ਹਾਜ਼ਰ ਪਤਵੰਤਿਆਂ ਨੇ ਫਲ ਵਿਕਰੇਤਾ ਵਲੋਂ ਦਿਖਾਈ ਗਈ ਇਮਾਨਦਾਰੀ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਰਮਨੀਕ ਸ਼ਰਮਾ, ਰਮੇਸ਼ ਕੁਮਾਰ ਗਾਂਧੀ, ਰਾਜ ਰਾਣੀ, ਜਨਕ ਰਾਜ ਸ਼ਰਮਾ, ਵਿਜੇ ਕੁਮਾਰ, ਅਰੁਣ ਕੁਮਾਰ ਬੀਟਾ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਹਾਜ਼ਰ ਸਨ |