ਬਰਨਾਲਾ, 11 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੈਟਰੋਲ/ਡੀਜ਼ਲ ਅਤੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਦੀ ਸਪਲਾਈ ਦੀ ਕਮੀ ਨਹੀਂ ਹੈ, ਇਸ ਲਈ ਵਰਤੋਂਕਾਰ ਨੂੰ ਕਿਸੇ ਵੀ ਘਬਰਾਹਟ ਵਿਚ ਆਉਣ ਦੀ ਲੋੜ ਨਹੀਂ | ਕੋਈ ਵੀ ਸਬੰਧਿਤ ਧਿਰ ਇਸ ਦੀ ਜਮ੍ਹਾਖੋਰੀ ਜਾਂ ਬਲੈਕ ਮਾਰਕੀਟਿੰਗ ਨਾ ਕਰੇ, ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਵਲੋਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਗੈਸ ਏਜੰਸੀ ਮਾਲਕਾਂ ਅਤੇ ਪੈਟਰੋਲ ਪੰਪ ਐਸੋਸੀਏਸ਼ਨ/ਮਾਲਕਾਂ ਨਾਲ ਮੀਟਿੰਗ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਖਾੜੀ ਖੇਤਰ ਦੇ ਦੇਸ਼ਾਂ ਵਿਚ ਜੰਗੀ ਤਣਾਅ ਦੇ ਹਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵਲੋਂ ਪੈਟਰੋਲ/ਡੀਜ਼ਲ ਅਤੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਦੀ ਸਪਲਾਈ ਬਰਕਰਾਰ ਰੱਖਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਪੈਟਰੋਲ-ਡੀਜ਼ਲ ਅਤੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਦੀ ਸਪਲਾਈ ਸਬੰਧੀ ਕੋਈ ਕਮੀ ਨਹੀਂ ਹੈ | ਉਨ੍ਹਾਂ ਸਮੂਹ ਹਾਜ਼ਰੀਨ ਨੂੰ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਆਮ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੈਟਰੋਲ/ਡੀਜ਼ਲ ਅਤੇ ਘਰੇਲੂ ਗੈਸ ਮੁਹੱਈਆ ਕਰਵਾਈ ਜਾਵੇ | ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਮ੍ਹਾਖੋਰੀ ਜਾਂ ਬਲੈਕ ਮਾਰਕੀਟਿੰਗ ਨਾ ਕੀਤੀ ਜਾਵੇ | ਵਧੀਕ ਡਿਪਟੀ ਕਮਿਸ਼ਨਰ ਵਲੋਂ ਸਮੂਹ ਗੈਸ ਏਜੰਸੀ ਮਾਲਕਾਂ ਅਤੇ ਪੈਟਰੋਲ ਪੰਪ ਐਸੋਸੀਏਸ਼ਨ/ ਮਾਲਕਾਂ ਨੂੰ ਪੇਸ਼ ਮੁਸ਼ਕਲਾਂ ਬਾਰੇ ਸੁਣਿਆ ਗਿਆ | ਇਸ ਮੌਕੇ ਜ਼ਿਲ੍ਹਾ ਖ਼ੁਰਾਕ ਸਪਲਾਈਜ਼ ਕੰਟਰੋਲਰ ਬਰਨਾਲਾ ਰੂਪਪ੍ਰੀਤ ਕੌਰ ਸੰਧੂ, ਜ਼ਿਲ੍ਹਾ ਕੋਆਰਡੀਨੇਟਰ ਇੰਡੀਅਨ ਆਇਲ ਕੰਪਨੀ, ਜ਼ਿਲ੍ਹਾ ਬਰਨਾਲਾ ਦੇ ਸਮੂਹ ਗੈਸ ਏਜੰਸੀ ਮਾਲਕ ਅਤੇ ਉਨ੍ਹਾਂ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਖੇਤਰਾਂ ਦੇ ਪੈਟਰੋਲ ਪੰਪ ਐਸੋਸੀਏਸ਼ਨ ਦੇ ਨੁਮਾਇੰਦੇ ਤੇ ਪੈਟਰੋਲ ਪੰਪ ਮਾਲਕ ਹਾਜ਼ਰ ਸਨ |