ਸ਼ਹਿਣਾ, 11 ਮਾਰਚ (ਸੁਰੇਸ਼ ਗੋਗੀ)-ਪਿੰਡ ਦੱੁਲਮਸਰ ਵਿਖੇ ਪਿੰਡ ਵਿਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਣਯੋਗ ਹਾਈਕੋਰਟ ਵਿਚ ਇਕ ਵਿਅਕਤੀ ਵਲੋਂ ਕੀਤੀ ਰਿੱਟ ਦੇ ਆਧਾਰ 'ਤੇ ਅੱਜ ਪ੍ਰਸ਼ਾਸਨ ਵਲੋਂ ਤਣਾਅ ਭਰੇ ਮਾਹੌਲ ਵਿਚ ਪਿੰਡ ਦੀਆਂ ਗਲੀਆਂ ਦੀ ਨਿਸ਼ਾਨਦੇਹੀ ਕੀਤੀ ਗਈ | ਪਿੰਡ ਦੇ ਸੇਵਕ ਸਿੰਘ ਜਿਸ ਨੇ ਕਿ ਮਾਣਯੋਗ ਹਾਈਕੋਰਟ ਵਿਚ ਨਾਜਾਇਜ਼ ਕਬਜ਼ਿਆਂ ਦੇ ਸਬੰਧ ਵਿਚ ਪ੍ਰਸ਼ਾਸਨ ਨੂੰ ਪਾਰਟੀ ਬਣਾ ਕੇ ਰਿੱਟ ਦਾਇਰ ਕੀਤੀ ਨੇ ਦੱਸਿਆ ਕਿ ਉਸ ਨੇ ਪਿੰਡ ਵਿਚ ਇਕ ਧੜੇ ਖ਼ਿਲਾਫ਼ ਪੰਜ ਕੇਸ ਨਾਜਾਇਜ਼ ਕਬਜ਼ਿਆਂ ਦੇ ਸਬੰਧ ਵਿਚ ਦਾਇਰ ਕੀਤੇ ਹੋਏ ਹਨ | ਉਸ ਨੇ ਪਹਿਲਾਂ ਹੀ ਮਾਣਯੋਗ ਹਾਈਕੋਰਟ ਦਾ ਸਹਾਰਾ ਲੈ ਕੇ ਨਾਜਾਇਜ਼ ਕਬਜ਼ਾ 2017 ਵਿਚ ਖ਼ਾਲੀ ਕਰਵਾਇਆ ਸੀ | 2022 ਵਿਚ ਫਿਰ ਦੁਬਾਰਾ ਕੰਧ ਕੱਢਣ ਦੇ ਮਾਮਲੇ ਨੂੰ ਹਾਈਕੋਰਟ ਵਿਚ ਕੇਸ ਦਾਇਰ ਕੀਤਾ ਸੀ | ਉਸ ਨੇ ਦੱਸਿਆ ਕਿ ਹੁਣ ਤੱਕ ਸਰਕਾਰੀ ਰਿਕਾਰਡ ਅਨੁਸਾਰ ਪਿੰਡ ਦੀ ਕਦੇ ਮਿਣਤੀ ਨਹੀਂ ਹੋਈ | ਸੇਵਕ ਸਿੰਘ ਨੇ ਕਿਹਾ ਕਿ ਦੂਜੀ ਧਿਰ ਨੇ ਅਦਾਲਤ ਵਿਚ ਵਕੀਲ ਵੀ ਕੀਤਾ ਅਤੇ ਹੁਣ ਵੀ 10 ਮਾਰਚ ਨੂੰ ਦੁਬਾਰਾ ਹਾਈਕੋਰਟ ਵਿਚ ਵਕੀਲ ਕੀਤਾ ਗਿਆ ਹੈ | 6 ਮਹੀਨੇ ਪਹਿਲਾਂ ਮਾਣਯੋਗ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਦੋ ਮਹੀਨਿਆਂ ਦੇ ਅੰਦਰ ਉਕਤ ਨਾਜਾਇਜ਼ ਕਬਜ਼ੇ ਹਟਾ ਕੇ ਰਿਪੋਰਟ ਦੇਣ ਦੀ ਹਦਾਇਤ ਕੀਤੀ ਸੀ, ਪਰ ਪ੍ਰਸ਼ਾਸਨ ਨੇ ਜਦ 6 ਮਹੀਨੇ ਲੰਘ ਜਾਣ 'ਤੇ ਵੀ ਜਦ ਕੋਈ ਸੁਣਵਾਈ ਨਾ ਕੀਤੀ, ਤਾਂ ਉਸ ਨੂੰ ਮਾਣਯੋਗ ਹਾਈਕੋਰਟ ਵਿਚ ਪ੍ਰਸ਼ਾਸਨ ਨੂੰ ਪਾਰਟੀ ਬਣਾਉਣਾ ਪਿਆ | ਉਕਤ ਵਿਅਕਤੀ ਨੇ ਕਿਹਾ ਕਿ ਨਿਸ਼ਾਨਦੇਹੀ ਉਸ ਦੇ ਪਾਸਿਓ ਫਿਰਨੀ ਤੋਂ ਕੀਤੀ ਜਾਵੇ, ਜੇਕਰ ਉਸ ਦੇ ਘਰ ਜਾਂ ਕੋਈ ਮੋਟਰ ਵਗ਼ੈਰਾ ਸਰਕਾਰੀ ਥਾਂ ਵਿਚ ਆਈ ਤਾਂ ਸਭ ਤੋਂ ਪਹਿਲਾਂ ਉਹ ਹਟਾਉਣ ਲਈ ਪਾਬੰਦ ਹੈ | ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਲਖਵੀਰ ਸਿੰਘ ਦੱੁਲਮਸਰ ਨੇ ਕਿਸਾਨ ਜਥੇਬੰਦੀਆਂ ਵਲੋਂ ਉਕਤ ਨਿਸ਼ਾਨਦੇਹੀ ਦੇ ਵਿਰੋਧ ਵਿਚ ਰੱਖੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1960 ਵਿਚ ਮੌੜ ਨਾਭਾ ਤੋਂ ਵੱਖਰੇ ਇਹ ਕੋਠੇ ਇਸ ਜਗ੍ਹਾ 'ਤੇ ਆਬਾਦ ਹੋਏ ਅਤੇ 11 ਮਰਲੇ ਦਾ ਰਸਤਾ ਜੋ ਉਨ੍ਹਾਂ ਦੇ ਘਰਾਂ ਨੂੰ ਜਾਂਦਾ ਸੀ ਅਤੇ ਸਰਕਾਰੀ ਸੀ | ਭਾਵੇਂ ਕਿ ਕਬਜ਼ੇ ਹੇਠ ਆ ਗਿਆ, ਪਰ ਉਸ ਦੀ 16 ਮਰਲੇ ਥਾਂ ਵੱਖਰੇ ਤੌਰ 'ਤੇ ਛੱਡਿਆ ਗਿਆ, ਪਰ ਉਸ ਸਮੇਂ ਬਜ਼ੁਰਗਾਂ ਵਲੋਂ ਪੰਚਾਇਤੀ ਤੌਰ 'ਤੇ ਇਸ ਦਾ ਤਬਾਦਲਾ ਨਾ ਹੋਣ ਕਾਰਨ ਬਿਨਾਂ ਵਜ੍ਹਾ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਉਠਾਇਆ ਜਾ ਰਿਹਾ ਹੈ | ਇਸ ਮੌਕੇ ਦਰਸ਼ਨ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ, ਹਰਚਰਨ ਸਿੰਘ ਸੁਖਪੁਰ, ਬੰਤ ਸਿੰਘ ਚੀਮਾ, ਭਿੰਦਾ ਸਿੰਘ ਢਿੱਲਵਾਂ, ਸੁਖਦੀਪ ਸਿੰਘ ਉਗੋਕੇ, ਗੁਰਚਰਨ ਸਿੰਘ ਭੀਖੀ ਸੂਬਾ ਆਗੂ ਬੀਕੇਯੂ ਸਿੱਧੂਪੁਰ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ | ਪੁਲਿਸ ਪ੍ਰਸ਼ਾਸਨ ਵਲੋਂ ਇੰਸਪੈਕਟਰ ਬਲਜੀਤ ਸਿੰਘ ਚੀਮਾ ਸੀ.ਆਈ.ਏ ਸਟਾਫ਼, ਇੰਸਪੈਕਟਰ ਬਲਜੀਤ ਸਿੰਘ ਢਿੱਲੋਂ, ਇੰਸਪੈਕਟਰ ਜਗਜੀਤ ਸਿੰਘ ਘੁਮਾਣ, ਥਾਣਾ ਮੁਖੀ ਰੈਨੂੰ ਪਰੋਚਾ, ਤਹਿਸੀਲਦਾਰ ਓਕਾਂਰ ਸਿੰਘ ਤਪਾ ਤੋਂ ਇਲਾਵਾ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ | ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਨਿਸ਼ਾਨਦੇਹੀ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਮੀਟਿੰਗ ਕਰਨ ਉਪਰੰਤ ਨਿਸ਼ਾਨਦੇਹੀ ਲਈ ਸਹਿਮਤ ਕੀਤਾ ਅਤੇ ਬਾਅਦ ਵਿਚ ਸਮੁੱਚੇ ਪਿੰਡ ਦੀ ਨਿਸ਼ਾਨਦੇਹੀ ਕਰ ਕੇ ਨਿਸ਼ਾਨ ਲਾਏ ਗਏ | ਇੱਥੇ ਇਹ ਵੀ ਵਰਨਣਯੋਗ ਹੈ ਕਿ ਅੱਜ ਨਿਸ਼ਾਨਦੇਹੀ ਦੇ ਵਿਰੋਧ ਵਿਚ ਜੋਗਿੰਦਰ ਸਿੰਘ ਕਾਕਾ ਕੀਟਨਾਸ਼ਕ ਦਵਾਈ ਲੈ ਕੇ ਘਰ ਦੀ ਛੱਤ 'ਤੇ ਚੜਿ੍ਹਆ ਹੋਇਆ ਸੀ ਅਤੇ ਪੁਲਿਸ ਵਲੋਂ ਭਾਰੀ ਤਾਦਾਦ ਵਿਚ ਫੋਰਸ ਲਾਈ ਗਈ ਸੀ |