ਤਪਾ ਮੰਡੀ, 12 ਮਾਰਚ (ਪ੍ਰਵੀਨ ਗਰਗ)-ਇਲਾਕੇ ਦੀ ਸਮਾਜ ਸੇਵੀ ਨੇਚਰ ਲਵਰਜ ਸੰਸਥਾ ਵਲੋਂ ਜਿੱਥੇ ਸ਼ਹਿਰ ਅੰਦਰ ਪਿਛਲੇ ਕਾਫੀ ਸਮੇਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਰੁੱਖ ਲਗਾਏ ਜਾ ਚੁੱਕੇ ਹਨ ਉੱਥੇ ਸਮੇਂ-ਸਮੇਂ 'ਤੇ ਰੁੱਖਾਂ ਦੀ ਦੇਖਭਾਲ ਵੀ ਕੀਤੀ ਜਾ ਰਹੀ ਹੈ | ਇਸੇ ਲੜੀ ਤਹਿਤ ਸੰਸਥਾ ਵਲੋਂ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਸਦਕਾ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਸੰਸਥਾ ਵਲੋਂ ਅੱਜ ਪੌਦਿਆਂ ਦੇ ਆਸ ਪਾਸ ਬਿਖਰੇ ਹੋਏ ਲਿਫ਼ਾਫ਼ੇ, ਪਲਾਸਟਿਕ ਤੇ ਕੂੜਾ ਕਰਕਟ ਆਦਿ ਨੂੰ ਚੁੱਕ ਕੇ ਸਫ਼ਾਈ ਕੀਤੀ ਤਾਂ ਜੋ ਪੌਦਿਆਂ ਦੀ ਸਹੀ ਢੰਗ ਨਾਲ ਵਾਧਾ ਹੋ ਸਕੇ | ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸ਼ਹਿਰ ਦੇ ਰੇਲਵੇ ਪਾਰਕ, ਸਕੂਲ ਗਰਾਊਾਡ ਤੇ ਮੰਡੀ ਦੇ ਆਲੇ-ਦੁਆਲੇ ਹੋਰ ਜਨਤਕ ਥਾਵਾਂ 'ਤੇ ਬੱਚੇ ਅਤੇ ਬੇਪ੍ਰਵਾਹ ਲੋਕ ਖਾ-ਪੀ ਕੇ ਕੁਰਕੁਰੇ, ਚਿਪਸ ਦੇ ਲਿਫ਼ਾਫ਼ੇ, ਪਾਣੀ ਦੇ ਗਲਾਸ, ਕੋਲਡ ਡਰਿੰਕ ਦੀਆਂ ਬੋਤਲਾਂ ਆਦਿ ਉੱਥੇ ਹੀ ਸੁੱਟ ਦਿੰਦੇ ਹਨ | ਜਿਸ ਕਾਰਨ ਪਲਾਸਟਿਕ ਜ਼ਮੀਨ ਨੂੰ ਗੰਦਾ ਕਰਦਾ ਹੈ, ਪੌਦਿਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਵਾਤਾਵਰਨ ਨੂੰ ਖ਼ਰਾਬ ਕਰਦਾ ਹੈ | ਇਸ ਮੌਕੇ ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ 'ਚ ਸੰਸਥਾ ਦਾ ਭਰਪੂਰ ਸਹਿਯੋਗ ਕਰਨ | ਇਸ ਮੌਕੇ ਸੰਸਥਾ ਦੇ ਸਨੀ ਗੋਇਲ, ਪ੍ਰਦੀਪ ਮੌੜ, ਦੀਪੂ ਭੈਣੀ ਆਦਿ ਸਮੂਹ ਸੰਸਥਾ ਦੇ ਨੁਮਾਇੰਦੇ ਮੌਜੂਦ ਸਨ |