ਬਰਨਾਲਾ, 27 ਮਾਰਚ (ਅਸ਼ੋਕ ਭਾਰਤੀ)-ਸੀ.ਪੀ.ਆਈ. (ਐਮ.ਐਲ.) ਰੈੱਡ ਸਟਾਰ ਦੇ ਸਰਗਰਮ ਮੈਂਬਰਾਂ ਦੀ ਮੀਟਿੰਗ ਨਛੱਤਰ ਸਿੰਘ ਰਾਮਨਗਰ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਸ਼ਹੀਦ -ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 31 ਮਾਰਚ ਨੂੰ 11 ਵਜੇ ਸੈਮੀਨਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਜਾਵੇਗਾ | ਜਿਸ ਦਾ ਵਿਸ਼ਾ ਹੈ 'ਸੰਘੀ ਮਨੂੰਵਾਦ-ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਖੱਬੇ-ਪੱਖੀਆਂ ਦੀ ਭੂਮਿਕਾ | ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕਾਮਰੇਡ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰ.ਐਮ.ਪੀ.ਆਈ, ਕਾਮਰੇਡ ਤੁਹਿਨ ਦੇਵ ਪੋਲਿਟ ਬਿਉਰੋ ਮੈਂਬਰ ਸੀ.ਪੀ.ਆਈ. (ਐਮ.ਐਲ) ਰੈੱਡ ਸਟਾਰ ਅਤੇ ਕਾਮਰੇਡ ਮੁਖ਼ਤਿਆਰ ਪੂਹਲਾ ਸੀਨੀਅਰ ਆਗੂ ਇਨਕਲਾਬੀ ਕੇਂਦਰ ਪੰਜਾਬ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਫਾਸੀਵਾਦੀ ਮੋਦੀ ਸਰਕਾਰ ਦੇਸ਼ ਦੇ ਸੰਘੀ ਢਾਂਚੇ ਨੂੰ ਲਗਾਤਾਰ ਖੋਖਲਾ ਕਰ ਰਹੀ ਹੈ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਆਪਣੇ ਉਦੇਸ਼ ਵੱਲ ਅੱਗੇ ਵਧ ਰਹੀ ਹੈ | ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਉਲਟ ਅਨੇਕਾਂ ਸੋਧਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਸੰਵਿਧਾਨਕ ਧਰਮ ਨਿਰਪੱਖਤਾ ਦੇ ਚਰਿੱਤਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਖ਼ਤਰੇ ਵਿਚ ਪੈ ਗਈ ਹੈ | ਇਸ ਮੌਕੇ ਮੇਵਾ ਸਿੰਘ ਹੰਡਿਆਇਆ, ਅੰਤਰਜਾਮੀ ਸਿੰਘ, ਬੱਗੜ ਸਿੰਘ ਰੂੜੇਕੇ ਕਲਾਂ ਅਤੇ ਕਰਮਜੀਤ ਸਿੰਘ ਪੀਰਕੋਟ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |