ਬਰਨਾਲਾ, 28 ਮਾਰਚ (ਰਾਜ ਪਨੇਸਰ)-ਸਥਾਨਕ ਹੰਡਿਆਇਆ ਰੋਡ ਦੇ ਨਜ਼ਦੀਕ ਇੱਕੋ ਰਾਤ ਇਕ ਖੋਖੇ ਅਤੇ ਇਕ ਢਾਬੇ 'ਚੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਆਈ. ਰਮਨਦੀਪ ਸਿੰਘ ਨੇ ਦੱਸਿਆ ਕਿ ਮੁੱਦਈ ਗੁਰਜੰਟ ਸਿੰਘ ਪੱੁਤਰ ਬਿੰਦਰ ਸਿੰਘ ਵਾਸੀ ਕਰਮਗੜ੍ਹ ਨੇ ਪੁਲਿਸ ਕੋਲ ਬਿਆਨ ਲਗਵਾਏ ਕਿ ਉਸ ਦਾ ਖੋਖਾ ਡੀ-ਮਾਰਟ ਹੰਡਿਆਇਆ ਰੋਡ 'ਤੇ ਰੱਖਿਆ ਹੋਇਆ ਸੀ | ਬੀਤੇ ਦਿਨੀਂ ਉਹ ਰੋਜ਼ਾਨਾ ਦੀ ਤਰ੍ਹਾਂ ਖੋਖੇ ਨੂੰ ਜਿੰਦਰਾ ਲਗਾ ਕੇ ਗਿਆ ਸੀ ਤਾਂ ਅਗਲੇ ਦਿਨ ਦੇਖਿਆ ਖੋਖੇ ਦਾ ਜਿੰਦਰਾ ਟੁੱਟਿਆ ਪਿਆ ਸੀ ਤੇ ਖੋਖੇ 'ਚੋਂ ਗੈਸ ਸਿਲੰਡਰ, ਬੈਟਰੀ ਅਤੇ ਹੋਰ ਸਮਾਨ ਚੋਰੀ ਹੋ ਚੁੱਕਿਆ ਸੀ | ਇਸੇ ਤਰ੍ਹਾਂ ਮੁੱਦਈ ਪਰਮਜੀਤ ਕੌਰ ਨੇ ਵੀ ਦੱਸਿਆ ਉਸ ਦਾ ਢਾਬਾ ਬੀ.ਐਮ.ਸੀ ਹਸਪਤਾਲ ਨਜ਼ਦੀਕ ਹੈ | ਬੀਤੀ ਦਿਨੀਂ ਨਾਮਾਲੂਮ ਚੋਰਾਂ ਨੇ ਗੈਸ ਸਿਲੰਡਰ, ਭੱਠੀ, ਪਤੀਲੇ ਤੇ ਹੋਰ ਸਮਾਨ ਚੋਰੀ ਕਰ ਲਿਆ ਹੈ | ਪੁਲਿਸ ਵਲੋਂ ਮੁੱਦਈ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤਾਂ ਪਤਾ ਲੱਗਿਆ ਕਿ ਇਹ ਚੋਰੀ ਕਰਨੈਲ ਸਿੰਘ ਪੁੱਤਰ ਸੁਰਜੀਤ ਸਿੰਘ, ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਬਰਨਾਲਾ ਨੇ ਕੀਤੀ ਹੈ | ਪੁਲਿਸ ਵਲੋਂ ਦੋਨਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਕਈ ਰਾਹਗੀਰਾਂ ਦਾ ਕਹਿਣਾ ਸੀ ਕਿ ਇਹ ਚੋਰ ਲੁਟੇਰਿਆਂ ਨੂੰ ਪੁਲਿਸ ਦਾ ਡਰ ਹੀ ਨਹੀਂ ਪੁਲਿਸ ਪਹਿਲਾਂ ਹੋਈਆਂ ਚੋਰੀਆਂ ਅਜੇ ਹੱਲ ਕਰਨ ਦਾ ਦਾਅਵਾ ਕਰਦੀ ਹੀ ਹੈ ਕਿ ਚੋਰ ਹੋਰ ਚੋਰੀਆਂ ਕਰ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ 'ਤੇ ਅਨੇਕਾਂ ਹੀ ਸਵਾਲ ਖੜੇ ਕਰ ਜਾਂਦੇ ਹਨ |