ਬਰਨਾਲਾ, 2 ਅਪ੍ਰੈਲ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਹੀ ਪੰਜਾਬ ਦੇ ਅਰਥਚਾਰੇ ਦਾ ਧੁਰਾ ਹੈ | ਦੂਜਾ ਪੰਜਾਬ ਦਰਿਆਵਾਂ ਦੀ ਧਰਤੀ ਵੀ ਹੈ ਪਰ ਫਿਰ ਵੀ ਸਭ ਕੁੱਝ ਦੇ ਬਾਵਜੂਦ ਸੂਬੇ ਦੀ ਖੇਤੀ ਸੰਕਟ ਗ੍ਰਸਤ ਹੈ | ਇਹ ਸੰਕਟ ਦੇ ਬਹੁਪ੍ਰਤੀ ਹੋਣ ਦੇ ਕਾਰਨ ਸੂਬੇ ਦੀ ਆਰਥਿਕਤਾ ਅਤੇ ਸਮਾਜਿਕ ਜੀਵਨ ਉੱਪਰ ਵਿਆਪਕ ਪ੍ਰਭਾਵ ਪੈ ਰਿਹਾ ਹੈ | ਕਿਸਾਨਾਂ, ਮਜ਼ਦੂਰਾਂ ਦੀਆਂ ਖੁਦਕੁਸ਼ੀਆਂ, ਹਵਾ, ਪਾਣੀ ਅਤੇ ਜ਼ਮੀਨ ਦਾ ਦੂਸ਼ਿਤ ਹੋਣਾ, ਇਸ ਸੰਕਟ ਦੀ ਸਪਸ਼ਟ ਉਦਾਹਰਨ ਹੈ | ਸੂਬੇ ਨੂੰ ਇਸ ਸੰਕਟ ਵਿਚੋਂ ਕੱਢਣ ਲਈ ਕੇਂਦਰ ਸਰਕਾਰ ਦੇ ਪੱਧਰ ਤੇ ਬਹੁਪੱਖੀ ਕਦਮ ਚੁੱਕਣ ਦੀ ਜ਼ਰੂਰਤ ਹੈ | ਜਿਨ੍ਹਾਂ ਵਿਚੋਂ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਪਾਣੀ ਦਾ ਸੰਕਟ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ | ਜ਼ਮੀਨ ਹੇਠਲਾ ਪਾਣੀ ਖੇਤੀ ਮਾਹਰਾਂ ਦੀ ਰਿਪੋਰਟ ਮੁਤਾਬਕ 2039 ਤੱਕ ਖ਼ਤਮ ਹੋ ਜਾਵੇਗਾ | ਮੌਜੂਦਾ ਸਮੇਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਪੀਣ ਵਾਲਾ ਸ਼ੁੱਧ ਪਾਣੀ ਤੱਕ ਉਪਲਬਧ ਨਹੀਂ ਹੈ | ਪੰਜਾਬ ਦਾ ਨਹਿਰੀ ਢਾਂਚਾ ਜਰਜਰਾ ਹੋ ਚੁੱਕਿਆ ਹੈ | ਦਰਿਆਵਾਂ ਨੂੰ ਦੂਸ਼ਿਤ ਕਰ ਦਿੱਤਾ ਗਿਆ ਹੈ | ਅਜਿਹੇ ਸਮੇਂ ਵਿਚ ਪਾਣੀ ਦੀ ਸਾਂਭ ਸੰਭਾਲ ਅਤੇ ਸ਼ੁੱਧਤਾ ਲਈ ਕੁੱਝ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਨੂੰ ਸਮਝਿਆ ਜਾਵੇ ਅਤੇ ਇਸ ਸਮੱਸਿਆ ਦੇ ਹੱਲ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ | ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਾਰੀਆਂ ਫ਼ਸਲਾਂ, ਫਲਾਂ, ਸਬਜ਼ੀਆਂ ਅਤੇ ਬਾਸਮਤੀ ਦੀ ਸੀ-2+50 ਫ਼ੀਸਦੀ ਫ਼ਾਰਮੂਲੇ ਨਾਲ ਐਮ.ਐਸ.ਪੀ ਉੱਤੇ ਖ਼ਰੀਦ ਦੀ ਕਾਨੂੰਨੀ ਗਰੰਟੀ ਕੀਤੀ ਜਾਵੇ | ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕੀਤੀ ਜਾਵੇ | ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ 'ਤੇ 6 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਡੀ.ਸੀ. ਦਫ਼ਤਰਾਂ ਬਾਹਰ ਰੋਸ ਪ੍ਰਦਰਸ਼ਨ ਕਰ ਮੰਗ-ਪੱਤਰ ਦਿੱਤੇ ਜਾਣਗੇ | ਇਸ ਸਮੇਂ ਸੂਬਾ ਖ਼ਜ਼ਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਸੂਬਾ ਮੀਤ ਪ੍ਰਧਾਨ ਰਾਜਬੀਰ ਸਿੰਘ ਘੁਡਾਨੀ, ਸੂਬਾ ਸਹਿ ਖ਼ਜ਼ਾਨਚੀ ਦਲਜਿੰਦਰ ਸਿੰਘ ਗੁਰਨਾ, ਸਤਨਾਮ ਸਿੰਘ ਕਿਲ੍ਹਾ ਭਰੀਆ, ਗੁਰਵਿੰਦਰ ਸਿੰਘ ਜੀਵਨਚੱਕ, ਦਲਬੀਰ ਸਿੰਘ ਗੁਰਦਾਸਪੁਰ, ਹਰਭਗਵਾਨ ਸਿੰਘ ਪਟਿਆਲਾ, ਦਰਸ਼ਨ ਸਿੰਘ ਉੱਗੋਕੇ, ਗੁਰਬਚਨ ਸਿੰਘ ਕਣਸੁਆ, ਸਿਕੰਦਰ ਸਿੰਘ ਭੂਰੇ, ਕਰਮਜੀਤ ਸਿੰਘ ਚੈਨਾ, ਗੁਰਜੀਤ ਸਿੰਘ ਨੰਬਰਦਾਰ, ਅਮਨਦੀਪ ਸਿੰਘ ਮੁਕਤਸਰ, ਪੂਰਨ ਸਿੰਘ ਵੱਟੂ, ਮਹਿੰਦਰ ਸਿੰਘ ਕਮਾਲਪੁਰਾ, ਰਣਧੀਰ ਸਿੰਘ ਉੱਪਲ, ਮਹਿੰਦਰ ਸਿੰਘ ਭੈਣੀ ਬਾਘਾ, ਲੱਛਮਣ ਸਿੰਘ ਚੱਕ ਅਲੀਸ਼ੇਰ, ਗੁਰਮੇਲ ਸਿੰਘ ਮੁਕਤਸਰ ਆਦਿ ਆਗੂ ਹਾਜ਼ਰ ਸਨ |