ਬਰਨਾਲਾ, 2 ਅਪ੍ਰੈਲ (ਰਾਜ ਪਨੇਸਰ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਬਰਨਾਲਾ ਜ਼ਿਲ੍ਹਾ ਦੇ ਲੋਕਾਂ ਨੂੰ ਸਹੂਲਤਾਂ ਦਾ ਕੀ ਦੇਣੀਆਂ ਸਨ ਸਗੋਂ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਬੰਦ ਕਰ ਕੇ ਲੋਕਾਂ ਦੇ ਪੱਲੇ ਖੱਜਲ ਖ਼ੁਮਾਰੀਆਂ ਪਾਈਆਂ ਜਾ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਵਲੋਂ ਖ਼ਰੀਦੇ ਗਏ ਵਹੀਕਲਾਂ ਨੂੰ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬਰਨਾਲਾ ਵਿਖੇ ਬੰਦ ਕਰ ਦਿੱਤਾ ਹੈ ਅਤੇ ਹੁਣ ਬਰਨਾਲਾ ਜ਼ਿਲ੍ਹੇ ਨਾਲ ਸਬੰਧਿਤ ਲੋਕਾਂ ਨੂੰ ਆਪਣੇ ਵਹੀਕਲਾਂ 'ਤੇ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਜਾਣਾ ਪਵੇਗਾ | ਉਨ੍ਹਾਂ ਕਿਹਾ ਕਿ ਇਹ ਸਮਝ ਤੋਂ ਪਰ੍ਹੇ ਹੈ ਕਿ ਸਰਕਾਰ ਅੱਗੇ ਵਧਣ ਦੀ ਬਜਾਏ ਪਿੱਛੇ ਵੱਲ ਮੁੜ ਰਹੀ ਹੈ ਅਤੇ ਆਮ ਲੋਕਾਂ 'ਤੇ ਹਰ ਰੋਜ਼ ਨਵਾਂ ਬੋਝ ਪਾਇਆ ਜਾ ਰਿਹਾ ਹੈ | ਵਿਧਾਇਕ ਢਿੱਲੋਂ ਨੇ ਕਿਹਾ ਕਿ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਜਾਣ ਨਾਲ ਲੋਕਾਂ ਦਾ ਜਿੱਥੇ ਪੈਸਾ ਖ਼ਰਾਬ ਹੋਵੇਗਾ ਉੱਥੇ ਕੀਮਤੀ ਸਮਾਂ ਵੀ ਖ਼ਰਾਬ ਹੋਵੇਗਾ | ਵਿਧਾਇਕ ਢਿੱਲੋਂ ਨੇ ਕਿਹਾ ਕਿ ਬਰਨਾਲਾ 'ਚ ਸਰਕਾਰੀ ਇਮਾਰਤਾਂ ਦੀ ਘਾਟ ਨਹੀਂ ਹੈ ਅਤੇ ਨਾ ਹੀ ਇੱਥੇ ਵਹੀਕਲਾਂ ਦੀ ਖ਼ਰੀਦੋ ਫ਼ਰੋਖ਼ਤ ਦੇ ਘੱਟ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਦਰਅਸਲ ਸਰਕਾਰ ਦੀ ਨੀਅਤ ਮਾੜੀ ਹੈ ਜਿਸ ਕਰ ਕੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਜਾਣ ਬੁੱਝ ਕੇ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਬਰਨਾਲੇ ਦੇ ਸਰਕਾਰੀ ਹਸਪਤਾਲ ਨੂੰ ਪਹਿਲਾਂ ਤੋਂ ਹੀ ਰੈਫਰਲ ਹਸਪਤਾਲ ਕਿਹਾ ਜਾਂਦਾ ਹੈ ਅਤੇ ਹੁਣ ਬਰਨਾਲਾ ਦੇ ਡੀ.ਟੀ.ਓ ਦਫ਼ਤਰ ਨੂੰ ਵੀ ਰੈਫਰਲ ਦਫ਼ਤਰ ਹੀ ਬਣਾ ਦਿੱਤਾ ਜਾਵੇਗਾ ਕਿਉਂਕਿ ਡੀ.ਟੀ.ਓ ਦਫ਼ਤਰ ਨਾਲ ਸਬੰਧਿਤ ਨਿੱਕੇ-ਨਿੱਕੇ ਕੰਮ ਵੀ ਕਰਵਾਉਣ ਲਈ ਵੀ ਲੋਕਾਂ ਨੂੰ ਬਾਕੀ ਜ਼ਿਲਿ੍ਹਆਂ ਵਿਚ ਜਾਣਾ ਪਵੇਗਾ | ਉਨ੍ਹਾਂ ਨੇ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਕਿ ਵਹੀਕਲਾਂ ਨੂੰ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਬਰਨਾਲਾ ਵਿਖੇ ਹੀ ਜਾਰੀ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਵਹੀਕਲਾਂ 'ਤੇ ਨੰਬਰ ਪਲੇਟਾਂ ਲਗਵਾਉਣ ਲਈ ਸੰਗਰੂਰ ਹੀ ਜਾਣਾ ਪਵੇਗਾ ਤਾਂ ਉਹ ਇਹ ਬਰਦਾਸ਼ਤ ਨਹੀਂ ਕਰਨਗੇ ਅਤੇ ਜਲਦੀ ਹੀ ਇਹ ਸਹੂਲਤ ਬਰਨਾਲਾ 'ਚ ਸ਼ੁਰੂ ਕਰਵਾਉਣ ਲਈ ਜੱਦੋ ਜਹਿਦ ਕਰਨਗੇ | ਉਨ੍ਹਾਂ ਨੇ ਬਰਨਾਲਾ ਜ਼ਿਲ੍ਹਾ ਬਣਨ ਤੋਂ ਬਾਅਦ ਪਿਛਲੀਆਂ ਸਰਕਾਰਾਂ 'ਤੇ ਦਫ਼ਤਰਾਂ ਅਤੇ ਸਟਾਫ਼ ਦੀ ਕਮੀ ਸਬੰਧੀ ਸਵਾਲ ਚੁੱਕਣ ਵਾਲੇ ਸੱਤਾਧਾਰੀ ਆਗੂਆਂ ਦੀ ਚੁੱਪ 'ਤੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਹੁਣ ਇਨ੍ਹਾਂ ਆਗੂਆਂ ਦੀ ਆਪਣੀ ਸਰਕਾਰ ਵਲੋਂ ਲੋਕ ਵਿਰੋਧੀ ਫ਼ੈਸਲੇ ਕੀਤੇ ਜਾ ਰਹੇ ਹਨ ਪ੍ਰੰਤੂ ਇਹ ਆਗੂ ਚੁੱਪ ਵੱਟੀ ਬੈਠੇ ਹਨ ਜਦ ਕਿ ਪਿਛਲੀਆਂ ਸਰਕਾਰਾਂ ਮੌਕੇ ਇਨ੍ਹਾਂ ਨੇ ਅਜਿਹੇ ਮੁੱਦਿਆਂ ਨੂੰ ਮੁੱਖ ਮੁੱਦੇ ਬਣਾਇਆ ਹੋਇਆ ਸੀ |