ਤਪਾ ਮੰਡੀ, 4 ਅਪ੍ਰੈਲ (ਪ੍ਰਵੀਨ ਗਰਗ)-ਜਿੱਥੇ ਇੱਕ ਪਾਸੇ ਸਰਕਾਰਾਂ ਵਲੋਂ ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਦੇ ਚੱਲਦਿਆਂ ਘਰੇਲੂ ਗੈਸ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਉੱਥੇ ਇਨ੍ਹਾਂ ਦਾਅਵਿਆਂ ਦੀ ਗਰਾਊਾਡ ਲੇਬਲ 'ਤੇ ਤਸਵੀਰ ਕੁੱਝ ਹੋਰ ਹੀ ਹੈ | ਜਿਸ ਦਾ ਖ਼ਮਿਆਜ਼ਾ ਖਪਤਕਾਰਾਂ ਨੂੰ ਭੋਗਣਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਪਤਕਾਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਿਲੰਡਰ ਬੁਕਿੰਗ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਮੇਂ ਸਿਰ ਸਿਲੰਡਰ ਨਹੀਂ ਮਿਲ ਰਿਹਾ | ਜਿਸ ਕਾਰਨ ਉਨ੍ਹਾਂ ਦਾ ਕਾਫੀ ਸਮਾਂ ਗੈਸ ਏਜੰਸੀ ਦੇ ਬਾਹਰ ਹੀ ਬਰਬਾਦ ਹੋ ਜਾਂਦਾ ਹੈ | ਅਗਰ ਸਿਲੰਡਰ ਮਿਲਦਾ ਵੀ ਹੈ ਤਾਂ ਉਹ ਸਿਲੰਡਰ ਬੁਕਿੰਗ ਸਮੇਂ ਤੋਂ ਲਗਭਗ ਪੰਜ ਸੱਤ ਦਿਨਾਂ ਦੇ ਬਾਅਦ ਮਿਲ ਰਿਹਾ ਹੈ | ਜਿਸ ਕਾਰਨ ਅਗਲੀ ਬੁਕਿੰਗ ਕਰਵਾਉਣ 'ਚ ਉਨ੍ਹਾਂ ਦੇ ਕਈ ਦਿਨ ਖ਼ਰਾਬ ਹੋ ਜਾਂਦੇ ਹਨ | ਖਪਤਕਾਰਾਂ ਨੇ ਆਪਣਾ ਨਾਂਅ ਨਾ ਪਾਉਣ ਦੀ ਸੂਰਤ ਵਿਚ ਇਹ ਵੀ ਦੱਸਿਆ ਕਿ ਇਲਾਕੇ ਅੰਦਰ ਦੋ ਗੈਸ ਏਜੰਸੀਆਂ ਹਨ ਜਿਨ੍ਹਾਂ ਵਿਚੋਂ ਇੱਕ ਗੈਸ ਏਜੰਸੀ 'ਤੇ ਸਿਲੰਡਰ ਬੁਕਿੰਗ ਹੋਣ ਦੇ ਤੁਰੰਤ ਬਾਅਦ ਹੀ ਮਿਲ ਜਾਂਦਾ ਹੈ ਜਦਕਿ ਦੂਸਰੀ ਗੈਸ ਏਜੰਸੀ 'ਤੇ ਸਿਲੰਡਰ ਬੁੱਕ ਕਰਵਾਉਣ ਤੋਂ ਕੁੱਝ ਦਿਨਾਂ ਬਾਅਦ ਮਿਲਦਾ ਹੈ, ਉਹ ਵੀ ਕਈ-ਕਈ ਵਾਰ ਉਨ੍ਹਾਂ ਨੂੰ ਗੈਸ ਏਜੰਸੀ 'ਤੇ ਜਾ ਕੇ ਲੈ ਕੇ ਆਉਣਾ ਪੈਂਦਾ ਹੈ | ਕਈ ਗਾਹਕਾਂ ਦਾ ਕਹਿਣਾ ਹੈ ਕਿ ਮੋਬਾਈਲ ਫ਼ੋਨ ਰਾਹੀਂ ਕੀਤੀ ਗਈ ਬੁਕਿੰਗ ਦਾ ਕੋਈ ਪੱਕਾ ਸੁਨੇਹਾ ਨਹੀਂ ਆਉਂਦਾ ਅਤੇ ਨਾ ਹੀ ਇਹ ਸਪਸ਼ਟ ਹੁੰਦਾ ਹੈ ਕਿ ਬੁਕਿੰਗ ਦਰਜ ਹੋਈ ਹੈ ਜਾਂ ਨਹੀਂ | ਖਪਤਕਾਰਾਂ ਨਾਲ ਸਿਲੰਡਰ ਨਾ ਮਿਲਣ ਕਾਰਨ ਰੋਜ਼ਾਨਾ ਵਾਂਗ ਹੀ ਤਾਰੋ ਪੀੜ ਹੋਣਾ ਪੈ ਰਿਹਾ ਹੈ | ਜਦ ਕਿ ਸਬੰਧਿਤ ਗੈਸ ਏਜੰਸੀਆਂ ਵਲੋਂ ਸਮੇਂ ਸਿਰ ਸਿਲੰਡਰ ਨਾ ਮਿਲਣ ਦਾ ਕਾਰਨ ਪਿੱਛੋਂ ਆ ਰਹੀ ਸਿਲੰਡਰਾਂ ਦੀ ਸਪਲਾਈ ਦੀ ਘਾਟ ਦੱਸਿਆ ਜਾ ਰਿਹਾ ਹੈ | ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਸਿਲੰਡਰਾਂ ਦੀ ਸਪਲਾਈ ਵਧਾਈ ਜਾਵੇ ਤਾਂ ਜੋ ਉਹ ਚੈਨ ਨਾਲ ਆਪਣਾ ਦਾਣਾ ਪਾਣੀ ਤਿਆਰ ਕਰ ਕੇ ਖਾ ਸਕਣ | ਜਦ ਇਸ ਸਬੰਧੀ ਏ.ਐਫ਼.ਐਸ.ਓ. ਰਾਕੇਸ਼ ਕੁਮਾਰ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਹੀ ਸਿਲੰਡਰਾਂ ਦੀ ਸਪਲਾਈ ਘੱਟ ਆਉਣ ਕਾਰਨ ਸਮੱਸਿਆ ਆ ਰਹੀ ਹੈ | ਪ੍ਰੰਤੂ ਸਬੰਧਿਤ ਗੈਸ ਏਜੰਸੀ ਵਲੋਂ ਬੁਕਿੰਗ ਅਨੁਸਾਰ ਹੀ ਖਪਤਕਾਰਾਂ ਨੂੰ ਸਿਲੰਡਰ ਮੁਹੱਈਆ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਗਰ ਫਿਰ ਵੀ ਕਿਸੇ ਵੀ ਖਪਤਕਾਰ ਨੂੰ ਕੋਈ ਵੀ ਸਮੱਸਿਆ ਆ ਰਹੀ ਹੈ, ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾ ਦਿੱਤਾ ਜਾਵੇਗਾ | ਹੁਣ ਦੇਖਣਾ ਇਹ ਹੋਵੇਗਾ ਕਿ ਸਿਲੰਡਰਾਂ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਚਾਲੂ ਹੋ ਪਾਉਂਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |