ਟੱਲੇਵਾਲ, 4 ਅਪੈ੍ਰਲ (ਸੋਨੀ ਚੀਮਾ)-ਥਾਣਾ ਟੱਲੇਵਾਲ ਦੀ ਮੁਖੀ ਇੰਸਪੈਕਟਰ ਕਿਰਨਜੀਤ ਕੌਰ ਦੀ ਅਗਵਾਈ ਵਿਚ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਦੋ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਜਸਮੇਲ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਿਸ ਪਾਰਟੀ ਸਮੇਤ ਦੇ ਟੱਲੇਵਾਲ ਨਹਿਰ ਪੁਲ 'ਤੇ ਮੌਜੂਦ ਸੀ ਤਾਂ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਰਾਹੁਲ ਕੁਮਾਰ ਉਰਫ਼ ਕਾਲੂ ਪੁੱਤਰ ਰਾਜੂ ਕੁਮਾਰ ਵਾਸੀ ਬਾਲਮੀਕ ਬਸਤੀ ਨੇੜੇ ਦਾਣਾ ਮੰਡੀ ਧਨੌਲਾ ਜ਼ਿਲ੍ਹਾ ਬਰਨਾਲਾ, ਹਰਪ੍ਰੀਤ ਸਿੰਘ ਉਰਫ਼ ਭੂੰਡੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਫਰਵਾਹੀ ਹਾਲ ਆਬਾਦ ਨੇੜੇ ਪੰਜਾਬ ਨਰਸਰੀ ਚੌਕ ਬਰਨਾਲਾ ਜੋ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਚੋਰੀ ਕੀਤਾ ਮੋਟਰਸਾਈਕਲ ਵੇਚਣ ਲਈ ਕਸਬਾ ਬਰਨਾਲਾ ਤੋ ਪਿੰਡ ਚੂੰਘਾ ਵਿਧਾਤਾ ਰੋਡ ਰਾਹੀਂ ਕਸਬਾ ਭਦੌੜ ਨੂੰ ਆ ਰਹੇ ਹਨ | ਜੇਕਰ ਹੁਣੇ ਹੀ ਪੁਲ ਨਹਿਰ ਵਿਧਾਤਾ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਰਾਹੁਲ ਕੁਮਾਰ ਉਰਫ਼ ਕਾਲੂ ਅਤੇ ਹਰਪ੍ਰੀਤ ਸਿੰਘ ਉਰਫ਼ ਭੂੰਡੀ ਉਕਤਾਨ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ | ਉਕਤ ਮੁਖ਼ਬਰੀ ਉਪਰੰਤ ਦੋਵੇਂ ਦੋਸ਼ੀਆਂ ਤੋਂ ਬਿਨਾ ਨੰਬਰੀ ਮਾਰਕਾ ਹੀਰੋ ਸਪਲੈਡਰ ਬਰਾਮਦ ਸਮੇਤ ਕੀਤਾ ਗਿਆ ਹੈ |