ਬਰਨਾਲਾ, 7 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਐਂਡ ਸਿਵਲ ਸੁਸਾਇਟੀ ਬਰਨਾਲਾ ਅਤੇ ਸੂਰਿਆਵੰਸ਼ੀ ਖੱਤਰੀ ਸਭਾ ਵਲੋਂ ਚਿੜੀਆਂ ਦੇ ਰਹਿਣ ਲਈ ਆਲ੍ਹਣੇ ਅਤੇ ਪੰਛੀਆਂ ਨੂੰ ਪਾਣੀ ਪਿਲਾਉਣ ਵਾਸਤੇ ਮਿੱਟੀ ਦੇ ਬਰਤਨ ਵੰਡੇ ਗਏ | ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਸਕੱਤਰ ਹਰਮਨਜੀਤ ਸਿੰਘ ਰੁਪਾਲ, ਮੀਤ ਪ੍ਰਧਾਨ ਰਾਜੇਸ਼ ਭੁਟਾਨੀ ਅਤੇ ਸਲਾਹਕਾਰ ਅਸ਼ੋਕ ਭਾਰਦਵਾਜ ਨੇ ਦੱਸਿਆ ਕਿ ਧਰਤੀ ਦੀ ਸੁੰਦਰਤਾ ਵਿਚ ਪੰਛੀਆਂ ਦਾ ਯੋਗਦਾਨ ਅਨਮੋਲ ਹੈ ਜੋ ਆਪਣੀ ਰੰਗੀਨ ਦਿੱਖ ਅਤੇ ਮਿੱਠੀ ਆਵਾਜ਼ ਨਾਲ ਕੁਦਰਤ ਨੂੰ ਜੀਵੰਤ ਬਣਾਉਂਦੇ ਹਨ | ਪੰਛੀ ਕੀੜੇ-ਮਕੌੜੇ ਖਾ ਕੇ ਫ਼ਸਲਾਂ ਤੇ ਰੁੱਖਾਂ ਦੀ ਰੱਖਿਆ ਕਰਦੇ ਹਨ, ਜਿਸ ਨਾਲ ਕੁਦਰਤੀ ਸੰਤੁਲਨ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਪੰਛੀਆਂ ਦੀ ਰੱਖਿਆ ਅਤੇ ਸਾਂਭ-ਸੰਭਾਲ ਕਰਨਾ ਸਾਡਾ ਸਾਰਿਆਂ ਦਾ ਅਹਿਮ ਕਰਤੱਵ ਹੈ | ਪੰਛੀਆਂ ਦੇ ਰਹਿਣ ਲਈ ਹਰ ਘਰ 'ਚ ਹਰਿਆਵਲ ਹੋਣੀ ਚਾਹੀਦੀ ਹੈ | ਆਲ੍ਹਣੇ ਟੰਗਣੇ ਚਾਹੀਦੇ ਹਨ ਅਤੇ ਪਾਣੀ ਲਈ ਬਰਤਨ ਘਰਾਂ ਦੀਆਂ ਛੱਤਾਂ ਤੇ ਰੱਖਣੇ ਚਾਹੀਦੇ ਹਨ ਅਤੇ ਹਰ ਪਰਿਵਾਰ ਨੂੰ ਆਪਣੀ ਸਮਰੱਥਾ ਅਨੁਸਾਰ ਪੰਛੀਆਂ ਲਈ ਘਰਾਂ ਦੀਆਂ ਛੱਤਾਂ ਤੇ ਦਾਣੇ ਵੀ ਪਾਉਣੇ ਚਾਹੀਦੇ ਹਨ ਤਾਂ ਕਿ ਪੰਛੀਆਂ ਦੀ ਘੱਟ ਰਹੀ ਗਿਣਤੀ ਨੂੰ ਰੋਕਿਆ ਜਾ ਸਕੇ | ਉਨ੍ਹਾਂ ਦੱਸਿਆ ਇਨ੍ਹਾਂ ਆਲ੍ਹਣਿਆਂ ਅਤੇ ਮਿੱਟੀ ਦੇ ਕਟੋਰਿਆਂ ਦਾ ਪ੍ਰਬੰਧ ਵਾਤਾਵਰਨ ਪ੍ਰੇਮੀ ਸੰਸਥਾ ਨੇਚਰ ਲਵਰਜ਼ ਬਰਨਾਲਾ ਵਲੋਂ ਕੀਤਾ ਗਿਆ | ਇਸ ਮੌਕੇ ਮਨੋਜ ਕੁਮਾਰ, ਸੰਜੀਵ ਕੁਮਾਰ ਸੰਜੂ ਮਕੈਨਿਕ, ਮਹਿੰਦਰ ਪ੍ਰਤਾਪ ਸਿੰਘ, ਨਾਨਕ ਚੰਦ, ਕੇਵਲ ਕਿ੍ਸ਼ਨ, ਅਸ਼ਵਨੀ ਸ਼ਰਮਾ, ਗੋਰਾ ਸਿੰਘ ਅਤੇ ਸ਼ਿਵਮ ਬਾਂਸਲ ਵੀ ਹਾਜ਼ਰ ਸਨ |