ਸ਼ਹਿਣਾ, 8 ਅਪ੍ਰੈਲ (ਸੁਰੇਸ਼ ਗੋਗੀ)ਸਨਅਤੀ ਕਸਬਾ ਪੱਖੋ ਕੈਂਚੀਆਂ 'ਤੇ ਮੋਬਾਈਲ ਟਾਵਰ ਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਚੜੇ੍ਹ ਇਕ ਨੌਜਵਾਨ ਨੂੰ ਪੰਚਾਇਤੀ ਆਗੂਆਂ ਨੇ ਇਕ ਘੰਟੇ ਉਪਰੰਤ ਉਸ ਦਾ ਮਸਲਾ ਹੱਲ ਕਰਨ ਦਾ ਵਾਅਦਾ ਕਰ ਕੇ ਉਤਾਰਿਆ | ਜ਼ਿਕਰਯੋਗ ਹੈ ਕਿ ਪਿੰਡ ਪੱਖੋਕੇ ਦੇ ਮਿੱਠੂ ਸਿੰਘ ਦੇ ਵਿਆਹੇ ਨੌਜਵਾਨ ਪੱੁਤਰ ਕੁਲਦੀਪ ਸਿੰਘ ਦੀ ਉਸ ਦੀ ਸਹੁਰੇ ਘਰ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਸੀ ਅਤੇ ਪਰਿਵਾਰ ਵਲੋਂ ਇਹ ਮਸਲਾ ਕਾਨੂੰਨੀ ਕਾਰਵਾਈ ਲਈ ਅਦਾਲਤ ਵੀ ਚਲਾ ਗਿਆ | ਇਸ ਉਪਰੰਤ ਪੰਚਾਇਤੀ ਤੌਰ 'ਤੇ ਹੋਏ ਸਮਝੌਤੇ ਨੂੰ ਲੈ ਕੇ ਉਕਤ ਨੌਜਵਾਨ ਨਿੰਦਰ ਸਿੰਘ ਪੱੁਤਰ ਮਿੱਠੂ ਸਿੰਘ ਜੋ ਕਿ ਮਿ੍ਤਕ ਕੁਲਦੀਪ ਸਿੰਘ ਦਾ ਵੱਡਾ ਭਰਾ ਵੀ ਹੈ, ਇਸ ਲਈ ਟਾਵਰ 'ਤੇ ਚੜ ਗਿਆ ਕਿ ਉਸ ਮੁਤਾਬਿਕ ਚੱਲ ਰਹੇ ਕੇਸ ਦੌਰਾਨ ਉਸ ਦੇ ਭਰਾ ਦੇ ਸਹੁਰੇ ਉਸ 'ਤੇ ਹੀ ਪੁਲਿਸ ਪ੍ਰਸ਼ਾਸਨ ਨੂੰ ਦਰਖ਼ਾਸਤਾਂ ਦੇ ਰਹੇ ਹਨ, ਜਦਕਿ ਉਸ ਦੇ ਮਿ੍ਤਕ ਭਰਾ ਦੀ ਮੌਤ ਦਾ ਇਨਸਾਫ਼ ਨਹੀਂ ਮਿਲ ਰਿਹਾ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋ ਗਏ ਅਤੇ ਥਾਣਾ ਸਦਰ ਦੇ ਇੰਚਾਰਜ ਜਗਜੀਤ ਸਿੰਘ ਘੁਮਾਣ ਤੋਂ ਇਲਾਵਾ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਵੀ ਹਾਜ਼ਰ ਸਨ | ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਨਿੰਦਰ ਸਿੰਘ ਨੂੰ ਹਰ ਤਰ੍ਹਾਂ ਦਾ ਇਨਸਾਫ਼ ਦਿਵਾਉਣ ਦਾ ਵਾਅਦਾ ਕਰ ਕੇ ਅਤੇ ਉਸ ਨਾਲ ਖੜਨ ਦਾ ਭਰੋਸਾ ਦੇਣ ਉਪਰੰਤ ਇਕ ਘੰਟੇ ਦੀ ਜੱਦੋ ਜਹਿਦ ਉਪਰੰਤ ਟਾਵਰ ਤੋਂ ਉਤਾਰਿਆ ਗਿਆ |