ਬਰਨਾਲਾ, 8 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਬਠਿੰਡਾ-ਵਾਰਾਣਸੀ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਬਰਨਾਲਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬਠਿੰਡਾ-ਵਾਰਾਣਸੀ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਰੇਲ ਗੱਡੀ ਨੰਬਰ 04520 ਬਠਿੰਡਾ ਤੋਂ 15 ਅਪ੍ਰੈਲ ਤੋਂ 15 ਜੁਲਾਈ ਤੱਕ ਚੱਲੇਗੀ, ਜਦੋਂ ਕਿ ਟ੍ਰੇਨ ਨੰਬਰ 04519 ਵਾਰਾਣਸੀ ਤੋਂ 16 ਅਪ੍ਰੈਲ ਤੋਂ 16 ਜੁਲਾਈ ਤੱਕ ਕੁੱਲ 27 ਫੇਰਿਆਂ ਦੇ ਨਾਲ ਅੱਪ-ਡਾਊਨ ਕਰੇਗੀ | ਉਨ੍ਹਾਂ ਦੱਸਿਆ ਕਿ ਇਹ ਰੇਲ ਗੱਡੀ ਹਫ਼ਤੇ ਵਿਚ ਦੋ ਦਿਨ ਬੁੱਧਵਾਰ ਅਤੇ ਸ਼ਨੀਵਾਰ ਨੂੰ ਬਠਿੰਡਾ ਤੋਂ ਰਾਤ 8:50 ਵਜੇ ਚੱਲ ਕੇ ਬਰਨਾਲਾ ਰਾਤ 9:52 ਵਜੇ ਪਹੁੰਚੇਗੀ ਅਤੇ ਅਗਲੀ ਸ਼ਾਮ 5:30 ਵਜੇ ਵਾਰਾਣਸੀ ਪਹੁੰਚੇਗੀ | ਵਾਪਸੀ ਵਿਚ ਹਫ਼ਤੇ ਵਿਚ ਦੋ ਦਿਨ ਵੀਰਵਾਰ ਅਤੇ ਐਤਵਾਰ ਨੂੰ ਵਾਰਾਣਸੀ ਤੋਂ ਰਾਤ 8:40 ਵਜੇ ਚੱਲ ਕੇ ਅਗਲੀ ਦੁਪਹਿਰ 3:35 ਵਜੇ ਬਰਨਾਲਾ ਪਹੁੰਚੇਗੀ ਅਤੇ ਸ਼ਾਮ 5:00 ਵਜੇ ਬਠਿੰਡਾ ਪਹੁੰਚੇਗੀ | ਉਨ੍ਹਾਂ ਅੱਗੇ ਦੱਸਿਆ ਕਿ ਇਹ ਰੇਲ ਗੱਡੀ ਵਾਇਆ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਜਗਾਧਰੀ, ਸਹਾਰਨਪੁਰ, ਨਜੀਬਾਬਾਦ, ਮੁਰਾਦਾਬਾਦ, ਬਰੇਲੀ, ਆਲਮਨਗਰ, ਰਾਏਬਰੇਲੀ ਅਤੇ ਪ੍ਰਤਾਪਗੜ੍ਹ ਰਾਹੀਂ ਚੱਲੇਗੀ | ਇਸ ਰੇਲ ਗੱਡੀ ਵਿਚ ਕੁੱਲ 14 ਕੋਚ ਹੋਣਗੇ, ਜਿਨ੍ਹਾਂ ਵਿਚ 1 ਏਸੀ ਕੋਚ, 7 ਸਲੀਪਰ ਕੋਚ, 4 ਜਨਰਲ ਕੋਚ ਅਤੇ 2 ਐਸ.ਐਲ.ਆਰ ਕੋਚ ਸ਼ਾਮਿਲ ਹਨ | ਰੇਲਵੇ ਦੇ ਇਸ ਐਲਾਨ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਬਰਾੜ, ਆਰੀਆ ਸਮਾਜ ਬਰਨਾਲਾ ਦੇ ਪ੍ਰਤੀਨਿਧੀ ਰਾਮ ਕੁਮਾਰ ਸੋਬਤੀ, ਸੂਰਿਆਵੰਸ਼ੀ ਖੱਤਰੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਵਿਨੋਦ ਕੁਮਾਰ ਸ਼ਰਮਾ ਅਤੇ ਡੇਲੀ ਪੈਸੰਜਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਪ੍ਰੋ: ਦੀਪਕ ਭੰਡਾਰੀ ਤੋਂ ਇਲਾਵਾ ਬਰਨਾਲਾ ਦੇ ਵੱਖ-ਵੱਖ ਪ੍ਰਮੁੱਖ ਸਮਾਜਿਕ, ਧਾਰਮਿਕ ਅਤੇ ਵਪਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਰੇਲਵੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ |