ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ)-ਸਬ ਡਵੀਜ਼ਨ ਮਹਿਲ ਕਲਾਂ ਦੀ ਉਪ ਮੰਡਲ ਮੈਜਿਸਟਰੇਟ ਕਿ੍ਤਿਕਾ ਗੋਇਲ ਨੇ ਮਾਰਕੀਟ ਕਮੇਟੀ ਮਹਿਲ ਕਲਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਉਪਰੰਤ ਉਨ੍ਹਾਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਦਫ਼ਤਰ 'ਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮੰਡੀਕਰਨ ਬੋਰਡ ਵਲੋਂ ਖ਼ਰੀਦ ਕੇਂਦਰਾਂ ਵਿਚ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ-ਮਜ਼ਦੂਰਾਂ ਨੂੰ ਮੰਡੀਆਂ 'ਚ ਕਣਕ ਵੇਚਣ ਸਮੇਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ | ਐੱਸ.ਡੀ.ਐਮ. ਗੋਇਲ ਨੇ ਸਮੂਹ ਅਧਿਕਾਰੀਆਂ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਮੰਡੀਆਂ 'ਚ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਨਾ ਆਉਣ ਦੇਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ | ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਖ਼ਰੀਦ ਕੇਂਦਰ 'ਤੇ ਕੋਈ ਸਮੱਸਿਆ ਆਉਂਦੀ ਹੈ ਤਾਂ ਸਬੰਧਿਤ ਖ਼ਰੀਦ ਅਧਿਕਾਰੀ ਖ਼ੁਦ ਮੌਕੇ 'ਤੇ ਪਹੁੰਚ ਕੇ ਉਸ ਦਾ ਤੁਰੰਤ ਹੱਲ ਕਰਨ | ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਸੁੱਕਾ ਕੇ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਖ਼ਰੀਦ ਪ੍ਰਕਿਰਿਆ ਤੇਜ਼ੀ ਨਾਲ ਹੋ ਸਕੇ | ਉਨ੍ਹਾਂ ਸਮੂਹ ਕਿਸਾਨਾਂ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਮੁਸ਼ਕਲ ਵੇਲੇ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ | ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਡੀਨ ਪਾਲ ਸਿੰਘ, ਸੁਪਰਵਾਈਜ਼ਰ ਰਾਜਦੀਪ ਸਿੰਘ, ਸੁਖਜਿੰਦਰ ਹੈਪੀ, ਰਾਜੀਵ ਕੁਮਾਰ ਬਰਨਾਲਾ, ਰਾਜਵੀਰ ਸਿੰਘ ਧੂਰੀ ਵੀ ਹਾਜ਼ਰ ਸਨ |