ਤਪਾ ਮੰਡੀ, 10 ਅਪ੍ਰੈਲ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਪਲੇ ਵੇ ਤੋਂ ਲੈ ਕੇ ਦੂਜੀ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਬੱਚਿਆਂ ਨੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਪਾ ਕੇ ਸਕੂਲ ਦਾ ਮਾਹੌਲ ਖ਼ੁਸ਼ੀਆਂ ਨਾਲ ਭਰ ਦਿੱਤਾ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੇ ਸਭ ਦਾ ਮਨ ਮੋਹ ਲਿਆ | ਛੋਟੇ ਬੱਚਿਆਂ ਨੇ ਵਿਸਾਖੀ ਨਾਲ ਸਬੰਧਿਤ ਗੀਤਾਂ ਅਤੇ ਕਵਿਤਾਵਾਂ ਰਾਹੀਂ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਇਸ ਸਮਾਗਮ ਨੇ ਸਭ ਵਿਚ ਖ਼ੁਸ਼ੀ ਅਤੇ ਏਕਤਾ ਦਾ ਸੰਦੇਸ਼ ਫੈਲਾਇਆ | ਅਧਿਆਪਕਾਂ ਵਲੋਂ ਵੀ ਬੱਚਿਆਂ ਨੂੰ ਵਿਸਾਖੀ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਗਰਗ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਬੱਚਿਆਂ ਦੀ ਮਿਹਨਤ ਅਤੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਵਾਲੇ ਦਿਨ 1699 ਈ. ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ | ਇਹ ਸਿੱਖਾਂ ਅਤੇ ਹਿੰਦੂਆਂ ਲਈ ਬਸੰਤ ਦੀ ਵਾਢੀ ਦਾ ਤਿਉਹਾਰ ਹੈ ਅਤੇ ਹਰ ਸਾਲ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ |