ਟੱਲੇਵਾਲ, 12 ਅਪ੍ਰੈਲ (ਸੋਨੀ ਚੀਮਾ)-ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸਰਪੰਚਾਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਦੀ ਅਗਵਾਈ ਹੇਠ ਵਫ਼ਦ ਨੇ ਇੱਟਾਂ ਦੇ ਵਧੇ ਹੋਏ ਰੇਟਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਬਰਨਾਲਾ ਵਿਖੇ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ | ਵਫ਼ਦ ਵਿਚ ਪੁਨੀਤ ਮਾਨ, ਹਰਜੀਤ ਕੈਰੇ, ਸਰਪੰਚ ਕੁਲਦੀਪ ਸਿੰਘ ਭੋਤਨਾ, ਸਰਪੰਚ ਨਿਰਮਲ ਸਿੰਘ ਬਖਤਗੜ੍ਹ ਅਤੇ ਰਣਜੀਤ ਸਿੰਘ ਆੜ੍ਹਤੀਆ ਭੋਤਨਾ ਸਮੇਤ ਕਈ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਸ਼ਾਮਲ ਸਨ | ਵਫ਼ਦ ਨੇ ਕਿਹਾ ਕਿ ਇੱਟਾਂ ਦੇ ਰੇਟਾਂ ਵਿਚ ਵਾਧੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਲਈ ਵਿਕਾਸ ਕਾਰਜ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ | ਆਗੂਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਇੱਟਾਂ ਦਾ ਰੇਟ 8200 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਪਿੰਡਾਂ ਵਿਚ ਚੱਲ ਰਹੇ ਵਿਕਾਸ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਰੇਟਾਂ ਨੂੰ ਘਟਾ ਕੇ ਡੀ.ਸੀ. ਰੇਟ ਮੁਤਾਬਿਕ 6700 ਰੁਪਏ ਪ੍ਰਤੀ ਹਜ਼ਾਰ ਇੱਟਾਂ ਤੈਅ ਕਰਵਾਉਣ ਲਈ ਤੁਰੰਤ ਕਦਮ ਚੁੱਕਣ, ਤਾਂ ਜੋ ਪੰਚਾਇਤਾਂ ਨੂੰ ਰਾਹਤ ਮਿਲ ਸਕੇ | ਵਫ਼ਦ ਨੇ ਕਿਹਾ ਕਿ ਪਿੰਡਾਂ ਵਿਚ ਗਲੀਆਂ, ਨਾਲੀਆਂ, ਸ਼ਮਸ਼ਾਨ ਘਾਟਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਕੰਮ ਵੱਡੇ ਪੱਧਰ 'ਤੇ ਇੱਟਾਂ ਉੱਤੇ ਨਿਰਭਰ ਹੁੰਦੇ ਹਨ | ਰੇਟ ਵਧਣ ਨਾਲ ਵਿਕਾਸ ਪ੍ਰੋਜੈਕਟਾਂ ਦੀ ਲਾਗਤ ਬੇਹੱਦ ਵੱਧ ਗਈ ਹੈ ਅਤੇ ਪੰਚਾਇਤਾਂ ਦੇ ਬਜਟ 'ਤੇ ਵੱਡਾ ਬੋਝ ਪੈ ਰਿਹਾ ਹੈ | ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਸਬੰਧੀ ਭੱਠਾ ਮਾਲਕਾਂ ਨਾਲ ਛੇਤੀ ਮੀਟਿੰਗ ਕਰ ਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਚਾਇਤਾਂ ਦੇ ਵਿਕਾਸ ਕੰਮਾਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਲਦ ਹੀ ਸੰਤੁਲਿਤ ਫ਼ੈਸਲਾ ਲਿਆ ਜਾਵੇਗਾ | ਵਫ਼ਦ ਨੇ ਉਮੀਦ ਜਤਾਈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਛੇਤੀ ਕਾਰਵਾਈ ਕਰ ਕੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ |