ਤਪਾ ਮੰਡੀ, 12 ਅਪ੍ਰੈਲ (ਪ੍ਰਵੀਨ ਗਰਗ)-ਸੂਬਾ ਸਰਕਾਰ ਵਲੋਂ ਵਪਾਰੀਆਂ ਦੇ ਹਿਤ ਲਈ ਬਣਾਇਆ ਗਿਆ ਟਰੇਡ ਵਿੰਗ ਮਹਿਜ਼ ਇਕ ਡਰਾਮਾ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਵਿੰਗ ਵਿਚ ਵਪਾਰੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਤਾਂ ਦੂਰ ਦੀ ਗੱਲ ਕਰਨੀ ਹੈ, ਬਲਕਿ ਵਪਾਰੀਆਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੋਟੇ ਮੋਟੇ ਜੁਰਮਾਨੇ ਕੀਤੇ ਜਾ ਰਹੇ ਹਨ | ਜਿਸ ਕਾਰਨ ਸੂਬੇ ਦੇ ਸਮੂਹ ਵਪਾਰੀਆਂ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਤਪਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਕਰੋਨਾ ਸਮੇਂ ਤੋਂ ਹੁਣ ਤੱਕ ਅੱਜ ਵੀ ਪੰਜਾਬ ਦਾ ਵਪਾਰੀ ਕਾਰੋਬਾਰ ਵਿਚ ਆਈ ਵੱਡੀ ਮੰਦੀ ਕਾਰਨ ਆਰਥਿਕ ਨੁਕਸਾਨ ਅਤੇ ਮਾਨਸਿਕ ਤਣਾਅ ਵਿਚ ਹੈ | ਪ੍ਰਸ਼ਾਸਨਿਕ ਢਾਂਚੇ ਵਿਚ ਅਧਿਕਾਰੀਆਂ ਵਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣ ਕਾਰਨ ਨਿਰਾਸ਼ਾ ਵਧੀ ਹੈ, ਜਿਸ ਕਰ ਕੇ ਅੱਜ ਦੂਸਰੇ ਵਰਗਾਂ ਦੇ ਨਾਲ-ਨਾਲ ਵਪਾਰੀ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ | ਅਧਿਕਾਰੀਆਂ ਵਲੋਂ ਕਿਸੇ ਨਾ ਕਿਸੇ ਢੰਗ ਰਾਹੀਂ ਲਗਾਏ ਜਾ ਰਹੇ ਜੁਰਮਾਨਿਆਂ ਦੀ ਸਥਿਤੀ ਕਾਰਨ ਵਪਾਰਕ ਭਾਈਚਾਰੇ ਵਿਚ ਡੂੰਘੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ | ਉਨ੍ਹਾਂ ਆਖਿਆ ਕਿ ਪਹਿਲਾਂ ਵੀ ਪੰਜਾਬ ਅੰਦਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਰਾਜ ਕੀਤਾ, ਪ੍ਰੰਤੂ ਅੱਜ ਤੱਕ ਉਨ੍ਹਾਂ ਨੇ ਕਿਸੇ ਵੀ ਵਪਾਰੀ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ, ਜਦਕਿ ਸੱਤਾਧਿਰ ਨੇ ਵਪਾਰੀਆਂ ਦੀ ਸੰਘੀ ਹੀ ਘੁੱਟ ਕੇ ਰੱਖ ਦਿੱਤੀ ਹੈ | ਉਨ੍ਹਾਂ ਆਖਿਆ ਕਿ 2027 'ਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਵਪਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਰਾਹੁਲ ਭਾਗਾਂ ਵਾਲਾ, ਲੱਕੀ ਭੱਟਾ, ਹਰਜਿੰਦਰ ਸਿੰਘ ਪਾਲੀ, ਬਲਜਿੰਦਰ ਸਿੰਘ, ਬੇਅੰਤ ਮਾਂਗਟ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਸੁਰਿੰਦਰ ਸਿੰਘ, ਸਰਪੰਚ ਕੁਲਵਿੰਦਰ ਸਿੰਘ ਕਿੰਦੀ, ਜੱਗੀ ਧਨੋਆ, ਉਗਰ ਸੈਨ ਮੌੜ, ਸੰਦੀਪ ਕੁਮਾਰ ਫ਼ੁੱਲ, ਦਿਆਲ ਦਾਸ, ਨੋਨੂੰ ਮੌੜ, ਬਿੱਟੂ ਬਰਾੜ, ਗੋਗੀ ਮਹੰਤ, ਨੱਥੂ ਰਾਮ, ਕੇਸ਼ਵ ਕੁਮਾਰ, ਗੁਲਾਬ ਕਾਲਾ, ਜਗਤਾਰ ਬਾਸੀ, ਚਰਨਜੀਤ ਪੁਰਬਾ, ਮਾਸਟਰ ਪ੍ਰੇਮ ਨਾਥ ਆਦਿ ਮੌਜੂਦ ਸਨ |