ਤਪਾ ਮੰਡੀ, 15 ਅਪ੍ਰੈਲ(ਪ੍ਰਵੀਨ ਗਰਗ)-ਇਲਾਕੇ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਨਿਰਵਿਘਨ ਜਾਰੀ ਹੈ | ਜਿਸ ਨੂੰ ਲੈ ਕੇ ਅੱਜ ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਜ਼ਿਲ੍ਹਾ ਬਰਨਾਲਾ ਦੀ ਟੀ.ਓ ਮੈਡਮ ਸੰਦੀਪ ਕੌਰ ਵਲੋਂ ਤਪਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਕਣਕ ਦੀ ਕੁਆਲਿਟੀ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਨਾਲ ਵੇਅਰ ਹਾਊਸ ਦੇ ਮੈਨੇਜਰ ਜਗਦੇਵ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਜਦ ਪੱਤਰਕਾਰਾਂ ਦੀ ਟੀਮ ਨੇ ਬਾਹਰਲੀ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਰਕਾਰ ਦੇ ਮਾਪਦੰਡਾਂ ਅਨੁਸਾਰ ਅੰਡਰ ਰਿਲੈਕਸ਼ੇਸਨ ਸਕੀਮ ਦੇ ਤਹਿਤ ਲਗਭਗ 500 ਗੱਟਿਆਂ ਦੀ ਕਣਕ ਦੀ ਬੋਲੀ ਲਗਾਈ ਗਈ ਹੈ | ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਇਸ ਸਮੇਂ ਮੰਡੀਆਂ ਵਿਚ ਆ ਰਹੀ ਕਣਕ 'ਚ ਨਮੀ ਦੀ ਮਾਤਰਾ ਕਾਫੀ ਵੱਧ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਅਤੇ ਸਾਫ਼ ਸੁਥਰੀ ਕਣਕ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਇੰਸਪੈਕਟਰ ਅਸ਼ੋਕ ਕੁਮਾਰ ਵੇਅਰ ਹਾਊਸ, ਸੁਰੇਸ਼ ਪੱਖੋ, ਮਦਨ ਘੁੜੈਲਾ, ਰਾਜ ਕੁਮਾਰ ਪੂਹਲੀ, ਚੀਕੂ, ਗੋਪੀ ਖੱਤਰੀ ਤੋਂ ਇਲਾਵਾ ਆੜ੍ਹਤੀਏ ਅਤੇ ਮਜ਼ਦੂਰ ਮੌਜੂਦ ਸਨ |