ਲੌਂਗੋਵਾਲ, 15 ਅਪ੍ਰੈਲ (ਵਿਨੋਦ ਸ਼ਰਮਾ)-ਖੇਤਾਂ ਵਿੱਚ ਇਸ ਸਮੇਂ ਕਣਕ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪੱਕ ਚੁੱਕੀਆਂ ਹਨ ਅਤੇ ਕਿਸਾਨ ਵਾਢੀ ਲਈ ਤਿਆਰ ਹਨ | ਇਸ ਮੌਕੇ ਨਿੱਕੀ ਜਿਹੀ ਅਣਗਹਿਲੀ ਵੀ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ | ਮੰਦੇ ਭਾਗੀਂ ਜੇਕਰ ਕਿਸੇ ਥਾਂ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ 'ਤੇ ਕੋਈ ਵੀ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ ਹਨ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਅਤੇ ਕੌਂਸਲਰ ਗੁਰਮੀਤ ਸਿੰਘ ਲੱਲੀ ਨੇ ਮੰਗ ਕੀਤੀ ਹੈ ਕਿ ਲੌਂਗੋਵਾਲ ਖੇਤਰ ਵਿੱਚ ਫਾਇਰ ਬਿ੍ਗੇਡ ਦਾ ਤੁਰੰਤ ਪੱਕਾ ਇੰਤਜ਼ਾਮ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਅੱਗ ਬੁਝਾਊ ਗੱਡੀਆਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਕਾਬੂ ਕੀਤਾ ਜਾ ਸਕੇ | ਇਸੇ ਤਰ੍ਹਾਂ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਪੀ.ਏ. ਨੇ ਵੀ ਵੱਖਰੇ ਬਿਆਨ ਰਾਹੀਂ ਕਿਹਾ ਕਿ ਜਦੋਂ ਤੱਕ ਫਾਇਰ ਬਿ੍ਗੇਡ ਦਾ ਸਥਾਈ ਪ੍ਰਬੰਧ ਨਹੀਂ ਹੁੰਦਾ, ਤਦ ਤੱਕ ਵਾਢੀ ਦੇ ਸੀਜ਼ਨ ਦੌਰਾਨ ਆਰਜ਼ੀ ਤੌਰ 'ਤੇ ਫਾਇਰ ਬਿ੍ਗੇਡ ਦੀ ਸਹੂਲਤ ਜ਼ਰੂਰ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਦੋਂ ਇੱਕ ਵੱਡੀ ਧਾਰਮਿਕ ਸ਼ਖ਼ਸੀਅਤ ਵੱਲੋਂ ਇਸ ਖੇਤਰ ਵਿੱਚ ਦੀਵਾਨ ਲਗਾਏ ਗਏ ਸਨ, ਤਾਂ ਉਨ੍ਹਾਂ ਦਿਨਾਂ ਦੌਰਾਨ ਫਾਇਰ ਬਿ੍ਗੇਡ ਦੀ ਇੱਕ ਗੱਡੀ ਇੱਥੋਂ ਦੇ ਇੱਕ ਸਥਾਨਕ ਪੈਟਰੋਲ ਪੰਪ 'ਤੇ ਤਾਇਨਾਤ ਰਹੀ ਸੀ | ਇਸੇ ਤਰ੍ਹਾਂ ਜਦੋਂ ਵੀ ਕੋਈ ਵੀ.ਆਈ.ਪੀ. ਦੌਰਾ ਕਰਦਾ ਹੈ, ਤਦ ਵੀ ਅਜਿਹੇ ਪ੍ਰਬੰਧ ਕੀਤੇ ਜਾਂਦੇ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਵੱਲੋਂ ਪੁੱਤਰਾਂ ਵਾਂਗ ਪਾਲੀ ਗਈ ਫ਼ਸਲ ਨੂੰ ਕਿਸੇ ਵੀ ਮੰਦਭਾਗੀ ਘਟਨਾ ਤੋਂ ਬਚਾਉਣ ਲਈ ਲੌਂਗੋਵਾਲ ਖੇਤਰ ਵਿੱਚ ਤੁਰੰਤ ਅਤੇ ਯੋਗ ਫਾਇਰ ਬਿ੍ਗੇਡ ਪ੍ਰਬੰਧ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ |