ਤਪਾ ਮੰਡੀ, 16 ਅਪ੍ਰੈਲ (ਪ੍ਰਵੀਨ ਗਰਗ)-ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਦੋ ਸੇਵਾਦਾਰਾਂ ਮਹੰਤ ਪਿਆਰਾ ਸਿੰਘ ਤੇ ਮਹੰਤ ਸੁਖਪ੍ਰੀਤ ਸਿੰਘ ਵਾਸੀ ਕੋਟਫੱਤਾ ਨੇ ਦੱਸਿਆ ਗਿਆ ਕਿ ਉਹ ਲਗਭਗ 25-30 ਸਾਲਾਂ ਤੋਂ ਨੈਣੇਵਾਲ ਪਿੰਡ ਵਿਖੇ ਸਥਿਤ ਡੇਰਾ ਬਾਬਾ ਰਾਮ ਸਿੰਘ ਦੇ ਸੰਚਾਲਕ ਮਹਾਤਮਾ ਜਗਤਾਰ ਸਿੰਘ ਜੀ ਕੋਲ ਨਤਮਸਤਕ ਹੋਣ ਲਈ ਆਉਂਦੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੇ ਹੀ ਕੁੱਝ ਲੋਕ ਡੇਰੇ ਨੂੰ ਹਥਿਆਉਣ ਅਤੇ ਉੱਥੇ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ | ਉਨ੍ਹਾਂ ਇਹ ਦੱਸਿਆ ਕਿ ਉਹ ਗੱਡੀ 'ਚ ਸਵਾਰ ਹੋ ਕੇ ਆਪਣੇ ਗੁਰੂਆਂ ਨੂੰ ਮਿਲਣ ਆਏ ਸਨ ਕਿ ਪਿੰਡ ਦੇ ਕੁੱਝ ਨਾ-ਮਾਲੂਮ ਵਿਅਕਤੀਆਂ ਨੇ ਡੰਡਿਆਂ ਅਤੇ ਕਿਰਪਾਨਾਂ ਨਾਲ ਉਨ੍ਹਾਂ 'ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਘਟਨਾ ਦੀ ਜਾਣਕਾਰੀ ਮਿਲਦੇ ਹੀ ਹੋਰ ਸੇਵਾਦਾਰ ਮੌਕੇ 'ਤੇ ਪਹੁੰਚੇ ਅਤੇ ਭਦੌੜ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ | ਡੇਰੇ 'ਚ ਮੌਜੂਦ ਹੋਰ ਸੇਵਾਦਾਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਚ ਦਾਖ਼ਲ ਕਰਵਾਇਆ ਗਿਆ | ਮਾਮਲੇ 'ਚ ਜਦ ਥਾਣਾ ਮੁਖੀ ਭਦੌੜ ਇੰਸ: ਹਰਸਿਮਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਸ਼ਿਕਾਇਤ ਮਿਲ ਗਈ ਹੈ | ਹਸਪਤਾਲ ਤਪਾ ਤੋਂ ਰੁੱਕਾ ਮਿਲਣ 'ਤੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਜੋ ਵੀ ਕਾਰਵਾਈ ਹੈ ਅਮਲ 'ਚ ਲਿਆਂਦੀ ਜਾਵੇਗੀ |