ਤਪਾ ਮੰਡੀ, 16 ਅਪ੍ਰੈਲ (ਪ੍ਰਵੀਨ ਗਰਗ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਐਲਾਨ ਕੀਤਾ ਹੋਇਆ ਹੈ, ਪੰਜਾਬ ਸਰਕਾਰ ਵਲੋਂ ਖਰੀਦ ਕੀਤੀ ਕਣਕ ਕੇਂਦਰ ਸਰਕਾਰ ਨੂੰ ਪੂਲ ਵਿਚ ਦੇਣੀ ਹੁੰਦੀ ਹੈ ਅਤੇ ਕੇਂਦਰ ਸਰਕਾਰ ਵੱਖ-ਵੱਖ ਸਕੀਮਾਂ ਅਤੇ ਗ਼ਰੀਬਾਂ ਦੀ ਭਲਾਈ ਲਈ ਇਹ ਅਨਾਜ ਘੱਟ ਦਰਾਂ ਉੱਪਰ ਜਾਂ ਬਿਲਕੁਲ ਮੁਫ਼ਤ ਵੰਡਦਾ ਹੈ, ਪਰ ਪਿਛਲੇ ਦਿਨੀਂ ਬੇ ਮੌਸਮੀ ਹਨੇਰੀ ਮੀਂਹ ਅਤੇ ਗੜੇਮਾਰੀ ਨਾਲ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਕਣਕ ਦੀ ਕੁਆਲਿਟੀ ਵਿਚ ਫ਼ਰਕ ਪਿਆ ਹੈ, ਜਿਸ ਦੇ ਚੱਲਦਿਆਂ ਕਣਕ ਦੀ ਖਰੀਦ ਵਿਚ ਸਰਕਾਰੀ ਖਰੀਦ ਏਜੰਸੀਆਂ ਆਨਾ ਕਾਨੀ ਕਰ ਰਹੀਆਂ ਹਨ | ਆਮ ਤੌਰ 'ਤੇ ਕਣਕ ਦੀ ਵਾਢੀ 13 ਅਪ੍ਰੈਲ ਨੂੰ ਸ਼ੁਰੂ ਹੁੰਦੀ ਹੈ | ਪੁਰਾਣੀ ਕਹਾਵਤ ਮੁਤਾਬਿਕ 'ਜੱਟਾ ਆਈ ਵਿਸਾਖੀ ਕਣਕਾਂ ਦੀ ਮੁੱਕ ਗਈ ਰਾਖੀ' ਪਰ ਪੰਜਾਬ ਵਿਚ ਹੁਣ ਇਹ ਕਣਕ ਦੀ ਕਟਾਈ ਜਲਦੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਕਿਸਾਨ ਤੀਸਰੀ ਫ਼ਸਲ ਬੀਜਣ ਲਈ ਮਸ਼ੀਨੀ ਯੁੱਗ ਦੀਆਂ ਖੋਜਾਂ ਅਪਣਾਉਣ ਲੱਗ ਪਿਆ ਹੈ ਅਤੇ ਕਟਾਈ ਤੋਂ ਬਾਅਦ ਮੂੰਗੀ ਮੱਕੀ ਦੀ ਫ਼ਸਲ ਬੀਜਣੀ ਚਾਹੁੰਦਾ ਹੈ | ਕਿਸਾਨ ਦੀਆਂ ਸਾਰੀਆਂ ਉਮੀਦਾਂ ਇਸ ਫ਼ਸਲ ਉੱਪਰ ਹੀ ਨਿਰਭਰ ਹੁੰਦੀਆਂ ਹਨ | ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿਚ ਸਰਕਾਰੀ ਅਧਿਕਾਰੀ ਕਣਕ ਵਿਚ ਗਿੱਲ (ਨਮੀ) ਦੇ ਨਾਮ 'ਤੇ ਕਣਕ ਦੀ ਖਰੀਦ ਨਹੀਂ ਕਰ ਰਹੇ ਅਤੇ ਮੰਡੀਆਂ ਵਿਚ ਕਿਸਾਨ ਰਾਤਾਂ ਕੱਟਣ ਲਈ ਮਜਬੂਰ ਹੈ | ਉੱਧਰ ਦੂਜੇ ਪਾਸੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਅਤੇ ਹੋਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਣਕ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੈ ਅਤੇ ਉਹ ਸਰਕਾਰ ਵਲੋਂ ਤਹਿ ਮਾਪਦੰਡਾਂ ਅਨੁਸਾਰ ਹੀ ਖਰੀਦ ਕਰ ਸਕਦੇ ਹਨ | ਜੇਕਰ ਦੇਖੀਏ ਤਾਂ ਕਿਸਾਨ, ਆੜ੍ਹਤੀਆ, ਮਜ਼ਦੂਰ ਅਤੇ ਖਰੀਦ ਏਜੰਸੀਆਂ ਦੇ ਆਪਣੇ ਆਪਣੇ ਤਰਕ ਹਨ | ਮੌਸਮ ਵਿਭਾਗ ਦੇ ਮੁਤਾਬਿਕ ਇਸ ਵਾਰ ਬਾਰਸ਼ ਮੌਸਮ ਦੇ ਨਾਲ ਲਗਾਤਾਰ ਹੀ ਚੱਲੇਗੀ | ਕਣਕ ਨਾਲ ਮੰਡੀਆਂ ਪੂਰੀ ਤਰ੍ਹਾਂ ਭਰੀਆਂ ਪਈਆਂ ਹਨ, ਜੇਕਰ ਹੁਣ ਬਾਰਸ਼ ਪਵੇਗੀ ਤਾਂ ਹਰ ਇੱਕ ਕਿਸਾਨ ਦੀ ਉਮੀਦ 'ਤੇ ਪਾਣੀ ਫਿਰ ਜਾਵੇਗਾ | ਇਸ ਲਈ ਮੰਡੀਆਂ ਵਿਚ ਰੁਲ ਰਹੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਿਵੇਂ ਕੇਂਦਰ ਸਰਕਾਰ ਨੇ ਹੋਰਨਾਂ ਕੁੱਝ ਰਾਜਾਂ ਵਿਚ ਕਣਕ ਖ਼ਰੀਦਣ ਲਈ ਨਵੀਂ ਅਤੇ ਸੁੰਗੜੇ ਦਾਣੇ ਵਿਚ ਛੋਟ ਦਿੱਤੀ ਹੈ | ਇਸੇ ਤਰ੍ਹਾਂ ਪੰਜਾਬ ਵਿਚ ਵੀ ਦਿੱਤੀ ਜਾਵੇ, ਤਾਂ ਜੋ ਕਿਸਾਨ ਫ਼ਸਲ ਵੇਚ ਕੇ ਅਤੇ ਪੈਸਿਆਂ ਨਾਲ ਆਪਣੀ ਅਗਲੀ ਫ਼ਸਲ ਦੀ ਬਿਜਾਈ ਕਰ ਸਕੇ ਅਤੇ ਪਰਿਵਾਰ ਦਾ ਪੇਟ ਪਾਲ ਸਕੇ |