ਮਹਿਲ ਕਲਾਂ, 16 ਅਪ੍ਰੈਲ (ਅਵਤਾਰ ਸਿੰਘ ਅਣਖੀ)-ਸਹੂਲਤਾਂ ਦਾ ਲਾਭ ਲੈਣ ਵਾਸਤੇ ਲੋੜਵੰਦ ਲੋਕਾਂ ਨੂੰ ਜ਼ਰੂਰੀ ਦਸਤਾਵੇਜ਼ ਜਾਤੀ ਸਰਟੀਫਿਕੇਟ ਬਣਾਉਣ ਲਈ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਸਬਾ ਮਹਿਲ ਕਲਾਂ 'ਚ ਸੇਵਾਵਾਂ ਨਿਭਾਅ ਰਹੇ ਇੱਕੋ ਇਕ ਸੇਵਾ ਕੇਂਦਰ ਮੂਹਰੇ ਸਵੇਰੇ ਚਾਰ ਵਜੇ ਤੋਂ ਲਾਈਨਾਂ 'ਚ ਲੱਗ ਕੇ ਲੋਕਾਂ ਨੂੰ ਸਾਰੀ ਸਾਰੀ ਦਿਹਾੜੀ ਭੁੱਖਣ ਭਾਣੇ ਖੜਨਾ ਪੈ ਰਿਹਾ ਹੈ | ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮੂੰਮ ਨੇ ਕੀਤਾ | ਉਨ੍ਹਾਂ ਕਿਹਾ ਆਪ ਨੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਸਰਕਾਰ ਨੇ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਬੀਬੀਆਂ ਨੂੰ ਰਾਹਤ ਵਜੋਂ ਇਕ ਹਜ਼ਾਰ ਪ੍ਰਤੀ ਮਹੀਨਾ ਦੇਣਾ ਸ਼ੁਰੂ ਨਹੀਂ ਕੀਤਾ ਗਿਆ | ਹੁਣ ਵੋਟਾਂ ਨੇੜੇ ਆਉਣ ਕਰ ਕੇ ਐਲਾਨ ਕੀਤਾ ਗਿਆ ਕਿ ਵੱਖ-ਵੱਖ ਸ਼ਰਤਾਂ ਤਹਿਤ ਇਕ ਹਜ਼ਾਰ ਅਤੇ ਐਸ.ਸੀ. ਵਰਗ ਦੀਆਂ ਬੀਬੀਆਂ ਨੂੰ 1500 ਰੁਪਏ ਦੇਣ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਤੋਂ ਪਿੰਡਾਂ ਅੰਦਰ ਸਰਵੇ ਸ਼ੁਰੂ ਕੀਤਾ ਗਿਆ ਹੈ | ਜੋ ਕਈ ਮਹੀਨੇ ਤੱਕ ਮੁਕੰਮਲ ਹੋਵੇਗਾ | ਇੰਨੇ ਚਿਰ ਨੂੰ ਵਿਧਾਨ ਸਭਾ ਵੋਟਾਂ ਦਾ ਐਲਾਨ ਹੋਣ ਦੇ ਨਾਲ ਚੋਣ ਜ਼ਾਬਤਾ ਲੱਗ ਜਾਵੇਗਾ | ਇਸ ਤਰਾਂ ਨਾਲ ਇਹ ਐਲਾਨ ਇਕ ਚੋਣ ਸਟੰਟ ਬਣ ਕੇ ਰਹਿ ਜਾਵੇਗਾ | ਬਸਪਾ ਆਗੂ ਨੇ ਸਪਸ਼ਟ ਕਿਹਾ ਕਿ ਸੂਬੇ ਦੇ ਲੋਕ ਇਕ ਵਾਰ ਤਾਂ ਬਦਲਾਅ ਦੇ ਝਾਂਸੇ ਵਿਚ ਫਸ ਗਏ ਸਨ | ਪਰ ਇਸ ਵਾਰ ਤਾਂ ਲੋਕਾਂ ਦਾ ਆਪ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ | ਉਹ ਕਿਸੇ ਵੀ ਗੰੁਮਰਾਹਕੰੁਨ ਪ੍ਰਚਾਰ 'ਚ ਨਹੀਂ ਫਸਣਗੇ | ਬਸਪਾ ਆਗੂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਮਹਿਲ ਕਲਾਂ ਅੰਦਰ ਬਸਪਾ ਦੀ ਅਗਵਾਈ ਹੇਠ ਲੋਕਾਂ ਨੂੰ ਲਾਮਬੰਦ ਕਰਨ ਲਈ ਬਸਪਾ ਆਗੂਆਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਖੇੜੀ, ਡਾ: ਸੋਮਾ ਸਿੰਘ ਗੰਡੇਵਾਲ, ਹਲਕਾ ਪ੍ਰਧਾਨ ਸਰਬਜੀਤ ਸਿੰਘ ਛੀਨੀਵਾਲ, ਪ੍ਰੇਮ ਸਿੰਘ ਸੱਦੋਵਾਲ, ਗੁਰਭਗਤ ਸਿੰਘ ਬੀਹਲਾ, ਭੋਲਾ ਸਿੰਘ ਛੀਨੀਵਾਲ, ਲੱਖਾ ਸਿੰਘ ਲਹਿਰੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦੇ ਰੂਪ 'ਚ ਪਿੰਡ ਪੱਧਰ ਤੱਕ ਬਸਪਾ ਦੀ ਮਜ਼ਬੂਤੀ ਲਈ ਪਹੁੰਚ ਕੀਤੀ ਜਾ ਰਹੀ ਹੈ |