ਤਪਾ ਮੰਡੀ, 19 ਅਪ੍ਰੈਲ (ਪ੍ਰਵੀਨ ਗਰਗ)-ਇਲਾਕੇ ਅੰਦਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 15 ਗ੍ਰਾਮ ਨਸ਼ੀਲੇ ਪਦਾਰਥ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੈਡਮ ਨਵਦੀਪ ਕੌਰ ਚਾਹਲ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਘੜੈਲੀ ਪੁਲ ਤਪਾ ਥੱਲੋਂ ਤਪਾ-ਦਰਾਜ ਰੋਡ ਨੂੰ ਮੁੜੇ ਤਾਂ ਪੁਲਿਸ ਨੂੰ ਪੁਲ ਥੱਲੇ ਦੋ ਨੌਜਵਾਨ ਜਿਨ੍ਹਾਂ ਵਿਚੋਂ ਇੱਕ ਮੋਟਰਸਾਈਕਲ ਦੀ ਸੀਟ ਪਰ ਬੈਠਾ ਅਤੇ ਦੂਸਰਾ ਉਸ ਪਾਸ ਖੜ੍ਹਾ ਵਿਖਾਈ ਦਿੱਤਾ, ਜੋ ਆਪਣੇ ਹੱਥਾਂ ਵਿਚ ਫੜੇ ਲਿਫ਼ਾਫ਼ਾ ਦੀ ਫਰੋਲਾ ਫਰਾਲੀ ਕਰ ਰਹੇ ਸਨ, ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਨਾਂਅ ਪਤਾ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਂਅ ਲਵਪ੍ਰੀਤ ਸਿੰਘ ਉਰਫ ਲੱਭੀ ਪੁੱਤਰ ਜੱਗਾ ਸਿੰਘ ਵਾਸੀ ਬੁੱਗਰਾਂ ਰੋਡ, ਕਰਾੜ ਵਾਲਾ ਅਤੇ ਦੂਸਰੇ ਨੇ ਆਪਣਾ ਜਸ਼ਨਦੀਪ ਸਿੰਘ ਉਰਫ ਜਸ਼ਨ ਪੁੱਤਰ ਬਲਬੀਰ ਸਿੰਘ ਵਾਸੀ ਨੇੜੇ ਆਟਾ ਚੱਕੀ, ਹਰਕਿਸ਼ਨਪੁਰਾ ਦੱਸਿਆ | ਉਕਤ ਵਿਅਕਤੀਆਂ ਵਲੋਂ ਸੁੱਟੀ ਗਈ ਲਿਫਾਫੀ ਜਿਸ ਵਿਚੋਂ 15 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਜਿਸ 'ਤੇ ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |