ਤਪਾ ਮੰਡੀ, 24 ਅਪ੍ਰੈਲ (ਪ੍ਰਵੀਨ ਗਰਗ)-ਸਮੁੱਚੇ ਭਾਰਤ ਅੰਦਰ ਮਹਾਨ ਸੰਤਾਂ ਤੇ ਗਊ ਭਗਤਾਂ ਵਲੋਂ ਗਊ ਮਾਤਾ ਨੂੰ ਰਾਸ਼ਟਰ-ਮਾਤਾ ਦਾ ਦਰਜਾ ਦਿਵਾਉਣ ਸਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸੇ ਪ੍ਰੋਗਰਾਮ ਦੀ ਕੜੀ ਨੂੰ ਮੁੱਖ ਰੱਖਦਿਆਂ ਅੱਜ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਗਊ ਸੇਵਕ ਟਿੰਕੂ ਮਿੱਤਲ, ਕੇਵਲ ਕਿ੍ਸ਼ਨ ਮਿੱਤਲ, ਭੂਸ਼ਨ ਕੁਮਾਰ ਕਾਲਾ ਅਤੇ ਭਗਵੰਤ ਚੱਠਾ ਨੇ ਤਹਿਸੀਲ ਕੰਪਲੈਕਸ ਦਾ ਤਪਾ ਵਿਖੇ ਅਧਿਕਾਰੀਆਂ ਨੂੰ ਇੱਕ ਮੈਮੋਰੰਡਮ ਸੌਂਪਿਆ | ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਨੇ ਕਿਹਾ ਕਿ ਸਮੁੱਚੇ ਭਾਰਤ ਅੰਦਰ 27 ਅਪ੍ਰੈਲ 2026, ਦਿਨ ਸ਼ੁੱਕਰਵਾਰ ਨੂੰ ਸਾਰੇ ਰਾਜਾਂ ਦੇ ਜ਼ਿਲ੍ਹਾ ਅਧਿਕਾਰੀਆਂ, ਤਹਿਸੀਲ ਅਧਿਕਾਰੀਆਂ ਨੂੰ ਗਊ ਸੇਵਾ, ਸੁਰੱਖਿਆ ਤੇ ਸਨਮਾਨ ਹਿਤ ਪ੍ਰਾਰਥਨਾ ਪੱਤਰ ਦਿੱਤੇ ਜਾਣਗੇ | ਜਿਸ ਸਬੰਧੀ ਉਨ੍ਹਾਂ ਵਲੋਂ ਵੀ ਅੱਜ ਇੱਕ ਯਾਦ ਪੱਤਰ ਸੌਂਪਿਆ ਗਿਆ ਹੈ | ਉਨ੍ਹਾਂ ਆਖਿਆ ਕਿ ਗਊ ਹੱਤਿਆ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਅਤੇ ਗਊ ਮਾਤਾ ਨੂੰ ਰਾਸ਼ਟਰੀ ਦਰਜਾ ਮਿਲਣਾ ਚਾਹੀਦਾ ਹੈ ਕਿਉਂਕਿ ਗਊ ਸੁਰੱਖਿਆ ਲਈ ਕੇਂਦਰ ਸਰਕਾਰ ਵਲੋਂ ਸਖ਼ਤ ਕਾਨੂੰਨ ਬਣਾਇਆ ਜਾਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਗਊ ਵੰਸ਼ ਦੀ ਰੱਖਿਆ ਹੋ ਸਕੇ | ਜਿਸ ਤਹਿਤ ਉਨ੍ਹਾਂ ਵਲੋਂ ਵੀ ਇਲਾਕੇ ਅਤੇ ਪਿੰਡਾਂ, ਸ਼ਹਿਰਾਂ, ਕਸਬਿਆਂ ਗਊਸ਼ਾਲਾਵਾਂ 'ਚ ਜਾ ਕੇ ਗਊ ਸੇਵਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਪੂਰੇ ਪੰਜਾਬ ਵਿਚੋਂ ਵੀ 27 ਅਪ੍ਰੈਲ ਨੂੰ ਸ਼ਹਿਰਾਂ, ਮੰਡੀਆਂ, ਪਿੰਡਾਂ ਵਿਚਲੇ ਸਾਰੇ ਗਊ ਭਗਤ, ਸੇਵਕ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕ ਇਕੱਠੇ ਰਲ ਕੇ ਆਪਣੇ ਆਪਣੇ ਜ਼ਿਲੇ੍ਹ ਪੱਧਰ 'ਤੇ ਤਹਿਸੀਲ ਕੰਪਲੈਕਸ ਵਿਚ ਇੱਕ ਮੰਗ ਪੱਤਰ ਦੇਣਗੇ ਤਾਂ ਉਹ ਮੰਗ ਪੱਤਰ ਮੁੱਖ ਮੰਤਰੀ, ਰਾਜਪਾਲ ਅਤੇ ਹੋਰ ਸਰਕਾਰ ਦੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਮੰਤਰੀਆਂ ਕੋਲ ਪਹੁੰਚ ਸਕਣ |