ਸ਼ਹਿਣਾ, 3 ਮਈ (ਸੁਰੇਸ਼ ਗੋਗੀ)-ਪਿੰਡ ਬੱਲੋਕੇ ਦੇ 21 ਸਾਲਾ ਨੌਜਵਾਨ ਕੋਮਲਪ੍ਰੀਤ ਸਿੰਘ ਪੱੁਤਰ ਸਵ: ਹਰਜੀਤ ਸਿੰਘ ਜਿਸ ਨੇ ਕੁੱਝ ਦਿਨ ਪਹਿਲਾਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ, ਮਾਮਲੇ ਵਿਚ ਥਾਣਾ ਸ਼ਹਿਣਾ ਵਿਖੇ ਇਕ ਔਰਤ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਸ਼ਹਿਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਕੋਮਲਪ੍ਰੀਤ ਸਿੰਘ ਦੀ ਮਾਤਾ ਜਸਵਿੰਦਰ ਕੌਰ ਪਤਨੀ ਹਰਜੀਤ ਸਿੰਘ ਵਲੋਂ ਦਿੱਤੇ ਬਿਆਨਾਂ ਅਨੁਸਾਰ ਕਿ ਉਸ ਦੇ ਪੱੁਤਰ ਦੇ ਨਾਂਅ ਕੁੱਝ ਜ਼ਮੀਨ ਦਾ ਟੁਕੜਾ ਸੀ, ਜੋ ਉਸ ਨੇ 35 ਲੱਖ 87 ਹਜ਼ਾਰ ਰੁਪਏ ਵਿਚ ਵੇਚਿਆ ਸੀ ਅਤੇ ਉਸ ਦੀ ਕਿਸੇ ਲੜਕੀ ਨਾਲ ਦੋਸਤੀ ਸੀ | ਜਿਸ ਦੀ ਮਾਤਾ ਉਸ ਦੇ ਪੱੁਤਰ ਨੂੰ ਬਲੈਕਮੇਲ ਕਰ ਕੇ ਉਪਰੋਕਤ ਪੈਸੇ ਹੜੱਪ ਕਰ ਗਈ | ਜਿਸ ਕਾਰਨ ਕੋਮਲਪ੍ਰੀਤ ਸਿੰਘ ਨੇ ਖ਼ੁਦਕੁਸ਼ੀ ਕਰ ਲਈ | ਪੁਲਿਸ ਦੇ ਏ.ਐਸ.ਆਈ. ਬਲਦੇਵ ਸਿੰਘ ਨੇ ਉਪਰੋਕਤ ਬਿਆਨਾਂ 'ਤੇ ਹਰਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਦਰਾਜ਼ 'ਤੇ 39 ਨੰਬਰ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਉਪਰੋਕਤ ਪੈਸਿਆਂ ਦੇ ਲੈਣ-ਦੇਣ ਦੀਆਂ ਟਰਾਂਜੈਕਸ਼ਨਾਂ ਦੀ ਜਾਂਚ ਕਰ ਰਹੀ ਹੈ |