ਬਰਨਾਲਾ, 5 ਮਈ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਹੈਂਡ ਹੈਲਡ ਆਟੋ ਰੀਫਰੈਕਟੋਮੀਟਰ ਰਾਹੀਂ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ | ਜਿਸ ਸਬੰਧੀ ਸਿਹਤ ਵਿਭਾਗ ਵਲੋਂ ਇਕ ਮੀਟਿੰਗ ਵੀ ਕੀਤੀ ਗਈ | ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ ਟੀਮਾਂ ਹੁਣ 18 ਸਾਲ ਤੋਂ ਛੋਟੇ ਸਕੂਲੀ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਦੀ ਜਾਂਚ ਹੈਂਡ ਹੈਲਡ ਆਟੋ ਰੀਫਰੈਕਟੋਮੀਟਰ ਰਾਹੀਂ ਕਰਨਗੀਆਂ | ਜਿਸ ਸਬੰਧੀ ਟੀਮਾਂ ਨੂੰ ਟਰੇਨਿੰਗ ਵੀ ਦਿੱਤੀ ਜਾਵੇਗੀ | ਸੀਨੀਅਰ ਮੈਡੀਕਲ ਅਫ਼ਸਰ ਡਾ: ਇੰਦੂ ਬਾਂਸਲ, ਅੱਖਾਂ ਦੇ ਮਾਹਿਰ ਡਾ: ਅਮੋਲਦੀਪ ਕੌਰ, ਸਿਵਲ ਹਸਪਤਾਲ ਬਰਨਾਲਾ ਅਤੇ ਕੰਪਨੀ ਟਰੇਨਰ ਨੇ ਮਸ਼ੀਨ ਦੀ ਕਾਰਜਪ੍ਰਣਾਲੀ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਹੈਂਡ-ਹੈਲਡ ਆਟੋ ਰੀਫਰੈਕਟੋਮੀਟਰ ਇਕ ਛੋਟਾ, ਬੈਟਰੀ ਨਾਲ ਚੱਲਣ ਵਾਲਾ ਯੰਤਰ ਹੈ ਜੋ ਅੱਖਾਂ ਦਾ ਪਾਵਰ ਨੰਬਰ ਤੁਰੰਤ ਨਾਪਦਾ ਹੈ | ਜ਼ਿਲ੍ਹਾ ਬਰਨਾਲਾ ਦੀਆਂ 4 ਆਰ.ਬੀ.ਐਸ.ਕੇ. ਟੀਮਾਂ ਨੂੰ ਇਹ ਆਟੋ ਰੀਫਰੈਕਟੋਮੀਟਰ ਦਿੱਤੇ ਗਏ ਹਨ | ਇਸ ਨਾਲ ਸਕੂਲੀ ਬੱਚਿਆਂ ਦਾ ਮੁਆਇਨਾ ਕਰਦੇ ਸਮੇਂ ਬੱਚੇ ਦੀ ਅੱਖ ਸਾਹਮਣੇ ਕਰ ਕੇ ਬਟਨ ਦਬਾਉਣ ਨਾਲ ਮੌਕੇ 'ਤੇ ਹੀ ਨਜ਼ਰ ਘੱਟ ਹੋਣ ਸਬੰਧੀ ਨੰਬਰ ਪਤਾ ਲੱਗ ਜਾਵੇਗਾ | ਇਹ ਨੰਬਰ ਐਨਕਾਂ ਬਣਾਉਣ ਵਿਚ ਮਦਦਗਾਰ ਹੋਵੇਗਾ | ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ, ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਅਤੇ ਸਕੂਲ ਹੈਲਥ ਕੋਆਰਡੀਨੇਟਰ ਸੁਖਪਾਲ ਕੌਰ ਹਾਜ਼ਰ ਸਨ |